'ਇਤਿਹਾਸ ਤੋਂ ਭੱਜਿਆ ਨਹੀਂ ਜਾ ਸਕਦਾ, ਪਰ ਵਰਤਮਾਨ ਨੂੰ ਵੰਡਣ ਲਈ ਇਸ ਦੀ ਵਰਤੋਂ ਠੀਕ ਨਹੀਂ' : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ, 14 ਜੁਲਾਈ (ਹਿੰ.ਸ.)| ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਫ਼ਿਲਮ ''ਸਤਲੁਜ'' ਨੂੰ ਲੈ ਕੇ ਚੱਲ ਰਹੇ ਵਿਵਾਦ ''ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਤਿਹਾਸ ਤੋਂ ਭੱਜਿਆ ਨਹੀਂ ਜਾ ਸਕਦਾ, ਪਰ ਇਤਿਹਾਸ ਦੀ ਵਰਤੋਂ ਮੌਜੂਦਾ ਸਮੇਂ ਵਿੱਚ ਲੋਕਾਂ ਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ


ਚੰਡੀਗੜ੍ਹ, 14 ਜੁਲਾਈ (ਹਿੰ.ਸ.)| ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਫ਼ਿਲਮ 'ਸਤਲੁਜ' ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਤਿਹਾਸ ਤੋਂ ਭੱਜਿਆ ਨਹੀਂ ਜਾ ਸਕਦਾ, ਪਰ ਇਤਿਹਾਸ ਦੀ ਵਰਤੋਂ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਵੰਡਣ ਲਈ ਨਹੀਂ ਹੋਣੀ ਚਾਹੀਦੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 'ਸਤਲੁਜ' ਦੇ ਮੁੱਦੇ ਨੂੰ ਬੇਲੋੜੇ ਢੰਗ ਨਾਲ ਉਛਾਲਿਆ ਜਾ ਰਿਹਾ ਹੈ। ਉਨ੍ਹਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਇਸ ਮਾਮਲੇ ਨੂੰ ਵਾਰ-ਵਾਰ ਉਠਾਏ ਜਾਣ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੂੰ ਲੈ ਕੇ ਕਿਸੇ ਵੀ ਸਿਆਸੀ ਪਾਰਟੀ ਨੂੰ ਕੋਈ ਖ਼ਾਸ ਲਾਭ ਨਹੀਂ ਹੋਵੇਗਾ, ਹਾਲਾਂਕਿ ਕੁਝ ਧਿਰਾਂ ਇਸ ਵਿਵਾਦ ਤੋਂ ਸਿਆਸੀ ਫ਼ਾਇਦਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇ ਪੰਜਾਬ ਦੇ ਅਸ਼ਾਂਤ ਦੌਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਪੂਰੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਹਜ਼ਾਰਾਂ ਬੇਕਸੂਰ ਲੋਕ ਮਾਰੇ ਗਏ ਅਤੇ ਅੱਤਵਾਦ ਦਾ ਮੁਕਾਬਲਾ ਕਰਦਿਆਂ ਕਈ ਪੁਲਿਸ ਮੁਲਾਜ਼ਮਾਂ ਨੇ ਵੀ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਿਸੇ ਵੀ ਪੱਖ ਤੋਂ ਜ਼ਿਆਦਤੀਆਂ ਕੀਤੀਆਂ, ਉਨ੍ਹਾਂ ਦੇ ਨਾਂ ਵੀ ਸਾਹਮਣੇ ਆਉਣੇ ਚਾਹੀਦੇ ਹਨ।

ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਫ਼ਿਲਮ ਨੂੰ ਕਿਸ ਨੇ ਹਟਾਇਆ। ਉਨ੍ਹਾਂ ਕਿਹਾ ਕਿ ਫ਼ਿਲਮ ਹਟਾਏ ਜਾਣ ਤੋਂ ਬਾਅਦ ਹੀ ਲੋਕਾਂ ਵਿੱਚ ਇਸ ਨੂੰ ਲੈ ਕੇ ਹੋਰ ਵੱਧ ਦਿਲਚਸਪੀ ਪੈਦਾ ਹੋਈ। ਜੇਕਰ ਫ਼ਿਲਮ ਜਨਤਕ ਮੰਚ 'ਤੇ ਰਹਿੰਦੀ ਤਾਂ ਸ਼ਾਇਦ ਇੰਨੀ ਚਰਚਾ ਨਾ ਹੁੰਦੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਲਾਪਤਾ ਹੋਏ ਲੋਕਾਂ ਨਾਲ ਜੁੜੇ ਸਬੂਤ ਇਕੱਠੇ ਕਰ ਰਹੇ ਸਨ ਅਤੇ ਉਹ ਕੋਈ ਗਲਤ ਕੰਮ ਨਹੀਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਛੇ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਵੀ ਠਹਿਰਾਇਆ ਗਿਆ ਸੀ, ਜਿਸ ਨੂੰ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅਤੀਤ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਦੁਬਾਰਾ ਨਾ ਹੋਣ। ਨਾਲ ਹੀ ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪੁਰਾਣੇ ਜ਼ਖ਼ਮਾਂ ਦੇ ਆਧਾਰ 'ਤੇ ਭੜਕਾਉਣਾ ਠੀਕ ਨਹੀਂ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਦੇ ਸਭ ਤੋਂ ਮੁਸ਼ਕਲ ਦੌਰ ਦੌਰਾਨ ਵੀ ਹਿੰਦੂ ਅਤੇ ਸਿੱਖ ਭਾਈਚਾਰੇ ਵਿੱਚ ਆਮ ਤੌਰ 'ਤੇ ਏਕਤਾ ਬਣੀ ਰਹੀ। ਲੋਕ ਪਹਿਲਾਂ ਆਪਣੇ ਆਪ ਨੂੰ ਪੰਜਾਬੀ ਮੰਨਦੇ ਸਨ, ਨਾ ਕਿ ਹਿੰਦੂ ਜਾਂ ਸਿੱਖ। ਉਨ੍ਹਾਂ ਦਰਬਾਰ ਸਾਹਿਬ ਪ੍ਰਤੀ ਹਿੰਦੂ ਭਾਈਚਾਰੇ ਦੀ ਸ਼ਰਧਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਜਦੋਂ ਉਹ ਗੱਲਬਾਤ ਲਈ ਗੁਰੂ ਨਾਨਕ ਨਿਵਾਸ ਜਾਂਦੇ ਸਨ ਤਾਂ ਪਰਿਕਰਮਾ ਦੀ ਸੇਵਾ ਕਰਨ ਵਾਲਿਆਂ ਵਿੱਚ ਵੱਡੀ ਗਿਣਤੀ ਹਿੰਦੂ ਭਾਈਚਾਰੇ ਨਾਲ ਸਬੰਧਤ ਲੋਕਾਂ ਦੀ ਹੁੰਦੀ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਬਕਾ ਡੀਜੀਪੀ ਕੇ.ਪੀ.ਐੱਸ. ਗਿੱਲ ਦਾ ਵੀ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਇੱਕ ਖ਼ਾਸ ਜ਼ਿੰਮੇਵਾਰੀ ਦਿੱਤੀ ਗਈ ਸੀ ਅਤੇ ਅੱਤਵਾਦ ਦੇ ਖ਼ਾਤਮੇ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਅਧੀਨ ਕਿਸੇ ਅਧਿਕਾਰੀ ਨੇ ਕੋਈ ਗਲਤੀ ਕੀਤੀ ਸੀ ਤਾਂ ਉਸ ਦੀ ਜ਼ਿੰਮੇਵਾਰੀ ਵਿਅਕਤੀਗਤ ਪੱਧਰ 'ਤੇ ਤੈਅ ਹੋਣੀ ਚਾਹੀਦੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande