
ਚੰਡੀਗੜ੍ਹ, 15 ਜੁਲਾਈ (ਹਿੰ.ਸ.)| ਪੰਜਾਬ ਸਰਕਾਰ ਨੇ ਸੂਬੇ ਦੀਆਂ 17 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨਾਂ ਦੀ ਨਿਯੁਕਤੀ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਨਜ਼ੂਰੀ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ (ਸੀਐੱਮਓ) ਵੱਲੋਂ ਇਸ ਸਬੰਧੀ ਅਧਿਕਾਰਕ ਸੂਚੀ ਜਾਰੀ ਕਰ ਦਿੱਤੀ ਗਈ ਹੈ। ਸਰਕਾਰ ਵੱਲੋਂ ਜਾਰੀ ਸੂਚੀ ਅਨੁਸਾਰ ਸੁਖਦੀਪ ਉੱਪਰਾ ਨੂੰ ਮਾਰਕੀਟ ਕਮੇਟੀ ਫਿਲੌਰ, ਕੁਲਵਿੰਦਰ ਸਿੰਘ ਨੂੰ ਜਗਰਾਓਂ, ਰਸ਼ਪਾਲ ਸ਼ਰਮਾ ਨੂੰ ਭੁਲੱਥ, ਜਸਵੀਰ ਜਲਾਲਪੁਰ ਨੂੰ ਮਹਿਤਪੁਰ, ਰਾਜਵਿੰਦਰ ਸਿੰਘ ਨੂੰ ਅਜਨਾਲਾ, ਰੇਸ਼ਮ ਸਿੰਘ ਨੂੰ ਡੇਰਾ ਬਾਬਾ ਨਾਨਕ, ਜਸਬੀਰ ਸਿੰਘ ਨੂੰ ਦੀਨਾਨਗਰ, ਬਲਵੀਰ ਸਿੰਘ ਬੋਪਾਰਾਏ ਨੂੰ ਮਜੀਠਾ, ਮੁਖਦੇਵ ਸਿੰਘ ਨੂੰ ਕਾਦੀਆਂ, ਕਬੀਰ ਸਿੰਘ ਨੂੰ ਖਮਾਣੋਂ, ਨੀਤੂ ਕਪੂਰ ਸਿੰਗਲਾ ਨੂੰ ਸਾਦਿਕ, ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਨਿਹਾਲ ਸਿੰਘ ਵਾਲਾ, ਨਿਰਭੈ ਸਿੰਘ ਸੁੰਧਰ ਨੂੰ ਭਦੌੜ, ਪਰਦੀਪ ਕੁਮਾਰ ਮਿੱਤਲ ਨੂੰ ਭਵਾਨੀਗੜ੍ਹ, ਰਾਜਿੰਦਰ ਕੰਬੋਜ ਡੱਬੂ ਨੂੰ ਅਬੋਹਰ, ਜਸਵਿੰਦਰ ਸਿੰਘ ਸੰਘੇੜਾ ਨੂੰ ਬਰਨਾਲਾ ਅਤੇ ਜਸਵੰਤ ਸਿੰਘ ਸੋਢੀ ਨੂੰ ਪੰਜੇ ਕੇ ਉੱਤੜ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।ਸੀਐੱਮਓ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਾਰੇ ਨਵੇਂ ਨਿਯੁਕਤ ਚੇਅਰਮੈਨ ਤੁਰੰਤ ਪ੍ਰਭਾਵ ਨਾਲ ਆਪਣੀਆਂ-ਆਪਣੀਆਂ ਮਾਰਕੀਟ ਕਮੇਟੀਆਂ ਦਾ ਅਹੁਦਾ ਸੰਭਾਲਣਗੇ। ਸਰਕਾਰ ਦਾ ਮੰਨਣਾ ਹੈ ਕਿ ਇਨ੍ਹਾਂ ਨਿਯੁਕਤੀਆਂ ਨਾਲ ਮੰਡੀ ਪ੍ਰਬੰਧਨ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਕਿਸਾਨਾਂ ਅਤੇ ਖੇਤੀਬਾੜੀ ਨਾਲ ਸਬੰਧਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਜਾ ਸਕੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH