
87 ਫ਼ੀਸਦੀ ਐਨਿਊਮਰੇਸ਼ਨ ਫਾਰਮ ਪ੍ਰਾਪਤ, 21 ਜੁਲਾਈ ਨੂੰ ਜਾਰੀ ਹੋਵੇਗੀ ਡਰਾਫਟ ਵੋਟਰ ਸੂਚੀ
ਚੰਡੀਗੜ੍ਹ, 15 ਜੁਲਾਈ (ਹਿੰ.ਸ.)| ਚੰਡੀਗੜ੍ਹ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਨ ਪੁਨਰ-ਸਮੀਖਿਆ (ਸਪੈਸ਼ਲ ਇੰਟੈਂਸਿਵ ਰਿਵੀਜ਼ਨ-ਐਸਆਈਆਰ) ਦਾ ਕੰਮ ਹੁਣ ਅੰਤਿਮ ਪੜਾਅ ਵਿੱਚ ਪਹੁੰਚ ਗਿਆ ਹੈ। ਮੁੱਖ ਚੋਣ ਅਧਿਕਾਰੀ (ਸੀਈਓ) ਪ੍ਰੇਰਣਾ ਪੁਰੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 4,50,281 ਐਨਿਊਮਰੇਸ਼ਨ ਫਾਰਮ ਪ੍ਰਾਪਤ ਹੋ ਚੁੱਕੇ ਹਨ, ਜੋ ਕੁੱਲ ਵੋਟਰਾਂ ਦਾ ਲਗਭਗ 87 ਫ਼ੀਸਦੀ ਬਣਦੇ ਹਨ।
ਉਨ੍ਹਾਂ ਦੱਸਿਆ ਕਿ 66,146 ਵੋਟਰਾਂ ਨੇ ਅਜੇ ਤੱਕ ਆਪਣੇ ਫਾਰਮ ਜਮ੍ਹਾਂ ਨਹੀਂ ਕਰਵਾਏ ਹਨ। ਐਸਆਈਆਰ ਸ਼ੁਰੂ ਹੋਣ ਸਮੇਂ ਚੰਡੀਗੜ੍ਹ ਵਿੱਚ ਕੁੱਲ 5,16,427 ਰਜਿਸਟਰਡ ਵੋਟਰ ਸਨ। ਮੁਹਿੰਮ ਦੇ ਪਹਿਲੇ ਸੱਤ ਦਿਨਾਂ ਵਿੱਚ ਸਾਰੇ ਵੋਟਰਾਂ ਤੱਕ ਐਨਿਊਮਰੇਸ਼ਨ ਫਾਰਮ ਪਹੁੰਚਾ ਦਿੱਤੇ ਗਏ ਸਨ। ਸੀਈਓ ਨੇ ਦੱਸਿਆ ਕਿ ਬੂਥ ਲੈਵਲ ਅਧਿਕਾਰੀਆਂ (ਬੀਐਲਓਜ਼) ਨੇ ਹਰ ਘਰ ਵਿੱਚ ਤਿੰਨ-ਤਿੰਨ ਵਾਰ ਸੰਪਰਕ ਕੀਤਾ। ਜਿਹੜੇ ਲੋਕ ਘਰ ਵਿੱਚ ਨਹੀਂ ਮਿਲੇ, ਉਨ੍ਹਾਂ ਦੇ ਘਰਾਂ 'ਤੇ ਵਿਸ਼ੇਸ਼ ਸਟਿੱਕਰ ਵੀ ਲਗਾਏ ਗਏ। ਵੋਟਰਾਂ ਨੂੰ ਜਾਗਰੂਕ ਕਰਨ ਲਈ ਰੇਡੀਓ, ਐਸਐਮਐਸ, ਹੋਰਡਿੰਗ, ਬੈਨਰ, ਹੈਲਪ ਡੈਸਕ ਅਤੇ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਵਿੱਚ ਕਰੀਬ 1,000 ਐਨਐੱਸਐੱਸ ਵਾਲੰਟੀਅਰਾਂ ਦਾ ਵੀ ਸਹਿਯੋਗ ਲਿਆ ਗਿਆ।
ਵੋਟਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਪੋਲਿੰਗ ਸਟੇਸ਼ਨਾਂ ਦਾ ਮੁੜ ਗਠਨ ਕੀਤਾ ਗਿਆ ਹੈ। ਪਹਿਲਾਂ ਸ਼ਹਿਰ ਵਿੱਚ 614 ਪੋਲਿੰਗ ਸਟੇਸ਼ਨ ਸਨ, ਜਿਨ੍ਹਾਂ ਦੀ ਗਿਣਤੀ ਘਟਾ ਕੇ ਹੁਣ 575 ਕਰ ਦਿੱਤੀ ਗਈ ਹੈ। ਹਰ ਪੋਲਿੰਗ ਸਟੇਸ਼ਨ 'ਤੇ ਔਸਤ 1,200 ਵੋਟਰ ਰੱਖੇ ਗਏ ਹਨ, ਜਦਕਿ ਪਹਿਲਾਂ ਇਹ ਗਿਣਤੀ ਲਗਭਗ 1,500 ਸੀ।
ਚੋਣ ਵਿਭਾਗ ਅਨੁਸਾਰ ਪ੍ਰਾਪਤ ਹੋਏ ਫਾਰਮਾਂ ਵਿੱਚੋਂ 3,80,795 ਵੋਟਰਾਂ ਦੀ ਪੁਰਾਣੇ ਰਿਕਾਰਡ ਨਾਲ ਸਫ਼ਲਤਾਪੂਰਵਕ ਮੈਪਿੰਗ ਹੋ ਚੁੱਕੀ ਹੈ। ਜਦਕਿ 69,465 ਵੋਟਰਾਂ ਨੇ ਫਾਰਮ ਤਾਂ ਜਮ੍ਹਾਂ ਕਰਵਾਏ ਹਨ ਪਰ ਉਨ੍ਹਾਂ ਦੀ ਮੈਪਿੰਗ ਨਹੀਂ ਹੋ ਸਕੀ। ਅਜਿਹੇ ਵੋਟਰਾਂ ਨੂੰ ਨੋਟਿਸ ਜਾਰੀ ਕਰਕੇ ਲੋੜੀਂਦੇ ਦਸਤਾਵੇਜ਼ ਮੰਗੇ ਜਾਣਗੇ ਅਤੇ ਤਸਦੀਕ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਵਿਭਾਗ ਦੇ ਅੰਕੜਿਆਂ ਮੁਤਾਬਕ 66,146 ਵੋਟਰਾਂ ਨੇ ਅਜੇ ਤੱਕ ਐਨਿਊਮਰੇਸ਼ਨ ਫਾਰਮ ਜਮ੍ਹਾਂ ਨਹੀਂ ਕਰਵਾਏ। ਇਨ੍ਹਾਂ ਵਿੱਚੋਂ ਕਰੀਬ 43,724 ਵੋਟਰ ਸਥਾਈ ਤੌਰ 'ਤੇ ਚੰਡੀਗੜ੍ਹ ਛੱਡ ਚੁੱਕੇ ਹਨ, ਲਗਭਗ 3,500 ਵੋਟਰਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਰੀਬ 3,700 ਹੋਰ ਸ਼੍ਰੇਣੀਆਂ ਵਿੱਚ ਸ਼ਾਮਲ ਹਨ।
21 ਜੁਲਾਈ ਨੂੰ ਡਰਾਫਟ ਸੂਚੀ, 20 ਅਗਸਤ ਤੱਕ ਦਾਅਵੇ ਅਤੇ ਇਤਰਾਜ਼
ਚੋਣ ਵਿਭਾਗ ਵੱਲੋਂ 21 ਜੁਲਾਈ ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ, ਜਿਸ ਵਿੱਚ ਉਹਨਾਂ ਵੋਟਰਾਂ ਦੇ ਨਾਮ ਸ਼ਾਮਲ ਹੋਣਗੇ ਜਿਨ੍ਹਾਂ ਨੇ ਆਪਣੇ ਐਨਿਊਮਰੇਸ਼ਨ ਫਾਰਮ ਜਮ੍ਹਾਂ ਕਰਵਾਏ ਹਨ। ਇਹ ਸੂਚੀ ਚੋਣ ਵਿਭਾਗ ਦੀ ਅਧਿਕਾਰਕ ਵੈੱਬਸਾਈਟ 'ਤੇ ਵੀ ਉਪਲਬਧ ਹੋਵੇਗੀ। ਜਿਨ੍ਹਾਂ ਵੋਟਰਾਂ ਦੇ ਨਾਮ ਡਰਾਫਟ ਸੂਚੀ ਵਿੱਚ ਨਹੀਂ ਹੋਣਗੇ ਜਾਂ ਜਿਨ੍ਹਾਂ ਨੂੰ ਕੋਈ ਇਤਰਾਜ਼ ਹੋਵੇਗਾ, ਉਹ 20 ਅਗਸਤ ਤੱਕ ਫਾਰਮ-6 ਰਾਹੀਂ ਦਾਅਵਾ ਜਾਂ ਇਤਰਾਜ਼ ਦਰਜ ਕਰਵਾ ਸਕਣਗੇ। ਚੋਣ ਵਿਭਾਗ ਵੱਲੋਂ ਹਰ ਦਾਅਵੇ ਅਤੇ ਇਤਰਾਜ਼ ਦੀ ਸੁਣਵਾਈ ਕਰਕੇ ਦਸਤਾਵੇਜ਼ਾਂ ਦੀ ਜਾਂਚ ਉਪਰੰਤ ਹੀ ਅੰਤਿਮ ਫੈਸਲਾ ਲਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH