
ਪਟਿਆਲਾ, 23 ਜੁਲਾਈ (ਹਿੰ.ਸ.)| ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵਿਸ਼ੇਸ਼ ਐਨਫੋਰਸਮੈਂਟ ਮੁਹਿੰਮ ਚਲਾਈ ਗਈ। ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੀਜਨਲ ਟਰਾਂਸਪੋਰਟ ਅਫ਼ਸਰ (ਆਰ.ਟੀ.ਓ.) ਡਾ. ਪੂਨਮ ਪ੍ਰੀਤ ਕੌਰ ਦੀ ਅਗਵਾਈ ਹੇਠ ਸਕੂਲੀ ਵਾਹਨਾਂ ਦੀ ਸਾਂਝੀ ਚੈਕਿੰਗ ਕੀਤੀ ਗਈ।ਮੁਹਿੰਮ ਦੌਰਾਨ ਡੀ.ਐੱਸ.ਪੀ. (ਟਰੈਫਿਕ) ਪੁਨੀਤ ਸਿੰਘ ਚਾਹਲ, ਸਹਾਇਕ ਟਰਾਂਸਪੋਰਟ ਅਫ਼ਸਰ ਮਨਜੋਤ ਸਿੰਘ, ਚਾਈਲਡ ਪ੍ਰੋਟੈਕਸ਼ਨ ਅਫ਼ਸਰ ਰੂਪਵੰਤ ਕੌਰ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰ ਪਾਲ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਸਕੂਲੀ ਬੱਸਾਂ, ਵੈਨਾਂ, ਆਟੋ ਰਿਕਸ਼ਿਆਂ ਅਤੇ ਈ-ਰਿਕਸ਼ਿਆਂ ਦੀ ਜਾਂਚ ਕੀਤੀ। ਚੈਕਿੰਗ ਦੌਰਾਨ ਸੇਫ ਸਕੂਲ ਵਾਹਨ ਪਾਲਿਸੀ ਅਤੇ ਮੋਟਰ ਵਾਹਨ ਐਕਟ ਦੀ ਉਲੰਘਣਾ ਕਰਨ ਵਾਲੇ 15 ਸਕੂਲੀ ਵਾਹਨਾਂ ਦੇ ਚਲਾਨ ਕੀਤੇ ਗਏ, ਜਿਨ੍ਹਾਂ 'ਤੇ 2.14 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਸ ਤੋਂ ਇਲਾਵਾ ਇੱਕ ਟਿੱਪਰ ਸਮੇਤ ਹੋਰ 8 ਵਾਹਨਾਂ ਦੇ ਵੀ ਚਲਾਨ ਕੀਤੇ ਗਏ, ਜਿਸ ਨਾਲ ਕੁੱਲ 23 ਚਲਾਨਾਂ ਰਾਹੀਂ 3.60 ਲੱਖ ਰੁਪਏ ਦੀ ਕਾਰਵਾਈ ਕੀਤੀ ਗਈ।ਆਰ.ਟੀ.ਓ. ਡਾ. ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਇੱਕ ਈ-ਰਿਕਸ਼ਾ ਅਤੇ ਇੱਕ ਟੈਂਪੋ ਟਰੈਵਲਰ (ਸਕੂਲੀ ਵਾਹਨ) ਨੂੰ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਇੰਪਾਊਂਡ ਕੀਤਾ ਗਿਆ। ਉਨ੍ਹਾਂ ਕਿਹਾ ਕਿ ਈ-ਚਲਾਨ ਤੁਰੰਤ ਜਾਰੀ ਕੀਤੇ ਗਏ ਅਤੇ ਸਕੂਲੀ ਵਾਹਨਾਂ ਨੂੰ ਬੇਲੋੜੇ ਸਮੇਂ ਲਈ ਨਹੀਂ ਰੋਕਿਆ ਗਿਆ, ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ।ਮੁਹਿੰਮ ਦੌਰਾਨ ਚਾਈਲਡ ਪ੍ਰੋਟੈਕਸ਼ਨ ਅਫ਼ਸਰ ਰੂਪਵੰਤ ਕੌਰ ਨੇ ਇੰਪਾਊਂਡ ਕੀਤੇ ਗਏ ਵਾਹਨਾਂ ਵਿੱਚ ਸਵਾਰ ਬੱਚਿਆਂ ਨੂੰ ਖੁਦ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ।ਅਧਿਕਾਰੀਆਂ ਨੇ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਲਈ ਸਿਰਫ਼ ਅਧਿਕਾਰਤ ਅਤੇ ਸੁਰੱਖਿਆ ਮਾਪਦੰਡਾਂ ਅਨੁਸਾਰ ਚੱਲਣ ਵਾਲੇ ਸਕੂਲੀ ਵਾਹਨਾਂ ਦੀ ਹੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੜਕ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਅਜਿਹੀਆਂ ਐਨਫੋਰਸਮੈਂਟ ਮੁਹਿੰਮਾਂ ਜ਼ਿਲ੍ਹੇ ਭਰ ਵਿੱਚ ਲਗਾਤਾਰ ਜਾਰੀ ਰਹਿਣਗੀਆਂ।
ਹਿੰਦੂਸਥਾਨ ਸਮਾਚਾਰ / GURSHARAN SINGH