
ਚੰਡੀਗੜ੍ਹ, 23 ਜੁਲਾਈ (ਹਿੰ.ਸ.)| ਹਰਿਆਣਾ ਸਰਕਾਰ ਨੇ ਵਾਇਰਲ ਹੈਪੇਟਾਈਟਸ ਬੀ ਅਤੇ ਸੀ ਤੋਂ ਪੀੜਤ ਮਰੀਜ਼ਾਂ ਲਈ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ। ਰਾਸ਼ਟਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਸੂਬੇ ਵਿੱਚ 10 ਨਵੇਂ ਵਾਇਰਲ ਹੈਪੇਟਾਈਟਸ ਇਲਾਜ ਕੇਂਦਰ ਸਥਾਪਤ ਕੀਤੇ ਜਾਣਗੇ। ਇਨ੍ਹਾਂ ਨਵੇਂ ਕੇਂਦਰਾਂ ਦੇ ਸ਼ੁਰੂ ਹੋਣ ਤੋਂ ਬਾਅਦ ਹਰਿਆਣਾ ਵਿੱਚ ਵਾਇਰਲ ਹੈਪੇਟਾਈਟਸ ਇਲਾਜ ਕੇਂਦਰਾਂ ਦੀ ਗਿਣਤੀ 26 ਤੋਂ ਵਧ ਕੇ 36 ਹੋ ਜਾਵੇਗੀ। ਇਸ ਨਾਲ ਮਰੀਜ਼ਾਂ ਨੂੰ ਆਪਣੇ ਘਰ ਦੇ ਨੇੜੇ ਹੀ ਮੁਫ਼ਤ ਜਾਂਚ, ਬਿਮਾਰੀ ਦੀ ਪਛਾਣ, ਦਵਾਈਆਂ ਅਤੇ ਲੰਬੇ ਸਮੇਂ ਦੇ ਇਲਾਜ ਦੀ ਸਹੂਲਤ ਮਿਲ ਸਕੇਗੀ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਇਹ ਕਦਮ ਰਾਜ ਸਰਕਾਰ ਦੀ ਉਸ ਵਚਨਬੱਧਤਾ ਦਾ ਹਿੱਸਾ ਹੈ, ਜਿਸ ਤਹਿਤ ਹਰ ਮਰੀਜ਼ ਨੂੰ ਸਮੇਂ ਸਿਰ ਅਤੇ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖ਼ਾਸ ਤੌਰ 'ਤੇ ਉਨ੍ਹਾਂ ਜ਼ਿਲ੍ਹਿਆਂ ਵਿੱਚ ਸਹੂਲਤਾਂ ਵਧਾਈਆਂ ਜਾ ਰਹੀਆਂ ਹਨ, ਜਿੱਥੇ ਹੈਪੇਟਾਈਟਸ ਬੀ ਅਤੇ ਸੀ ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ।
ਡਾ. ਮਿਸ਼ਰਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪੀਜੀਆਈਐਮਐਸ ਰੋਹਤਕ ਵਿੱਚ ਇੱਕ ਮਾਡਲ ਇਲਾਜ ਕੇਂਦਰ, ਜ਼ਿਲ੍ਹਾ ਸਿਵਲ ਹਸਪਤਾਲਾਂ ਵਿੱਚ 22 ਕੇਂਦਰ ਅਤੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਮੈਡੀਕਲ ਕਾਲਜਾਂ ਵਿੱਚ 4 ਕੇਂਦਰ ਚੱਲ ਰਹੇ ਹਨ। ਭਾਰਤ ਸਰਕਾਰ ਵੱਲੋਂ ਸੂਬੇ ਵਿੱਚ ਕੁੱਲ 36 ਇਲਾਜ ਕੇਂਦਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਨਵੇਂ ਕੇਂਦਰ ਫਰੀਦਾਬਾਦ ਦੇ ਈਐਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਫਤਿਹਾਬਾਦ ਦੇ ਰਤੀਆ ਅਤੇ ਟੋਹਾਣਾ, ਜੀਂਦ ਦੇ ਨਰਵਾਣਾ, ਕੈਥਲ ਦੇ ਗੁਹਲਾ, ਕਰਨਾਲ ਦੇ ਅਸੰਧ ਅਤੇ ਨੀਲੋਖੇੜੀ, ਸਿਰਸਾ ਦੇ ਡੱਬਵਾਲੀ ਅਤੇ ਐਲਨਾਬਾਦ ਅਤੇ ਪਾਣੀਪਤ ਦੇ ਸਮਾਲਖਾ ਸਥਿਤ ਉਪ ਮੰਡਲ ਸਿਵਲ ਹਸਪਤਾਲਾਂ ਵਿੱਚ ਖੋਲ੍ਹੇ ਜਾਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਦੇ ਵਿਸਥਾਰ ਨਾਲ ਮਰੀਜ਼ਾਂ ਨੂੰ ਵੱਡੇ ਹਸਪਤਾਲਾਂ ਤੱਕ ਜਾਣ ਦੀ ਲੋੜ ਘੱਟ ਹੋਵੇਗੀ। ਇੱਥੇ ਮੁਫ਼ਤ ਸਕ੍ਰੀਨਿੰਗ, ਲੈਬ ਟੈਸਟ, ਦਵਾਈਆਂ, ਡਾਕਟਰੀ ਸਲਾਹ ਅਤੇ ਨਿਯਮਤ ਫਾਲੋਅਪ ਦੀ ਸਹੂਲਤ ਮਿਲੇਗੀ। ਡਾ. ਮਿਸ਼ਰਾ ਨੇ ਇਹ ਵੀ ਕਿਹਾ ਕਿ ਹਰ ਗਰਭਵਤੀ ਮਹਿਲਾ ਦੀ ਹੈਪੇਟਾਈਟਸ-ਬੀ ਜਾਂਚ ਬਹੁਤ ਜ਼ਰੂਰੀ ਹੈ, ਤਾਂ ਜੋ ਇਹ ਲਾਗ ਮਾਂ ਤੋਂ ਬੱਚੇ ਤੱਕ ਨਾ ਪਹੁੰਚੇ। ਜੇਕਰ ਕੋਈ ਮਹਿਲਾ ਹੈਪੇਟਾਈਟਸ-ਬੀ ਪਾਜ਼ੀਟਿਵ ਪਾਈ ਜਾਂਦੀ ਹੈ ਤਾਂ ਨਵਜੰਮੇ ਬੱਚੇ ਨੂੰ 24 ਘੰਟਿਆਂ ਦੇ ਅੰਦਰ ਹੈਪੇਟਾਈਟਸ-ਬੀ ਇਮੂਨੋਗਲੋਬਿਊਲਿਨ ਅਤੇ ਟੀਕਾ ਲਗਾਇਆ ਜਾਂਦਾ ਹੈ। ਇਹ ਸਹੂਲਤ ਹਰਿਆਣਾ ਦੇ ਸਾਰੇ ਜ਼ਿਲ੍ਹਾ ਸਿਵਲ ਹਸਪਤਾਲਾਂ ਵਿੱਚ ਮੁਫ਼ਤ ਉਪਲਬਧ ਹੈ।
ਸਰਕਾਰ ਦਾ ਉਦੇਸ਼ ਹੈ ਕਿ ਵਾਇਰਲ ਹੈਪੇਟਾਈਟਸ ਦੀ ਸਮੇਂ ਸਿਰ ਪਛਾਣ ਕਰਕੇ ਮਰੀਜ਼ਾਂ ਨੂੰ ਲਗਾਤਾਰ ਇਲਾਜ ਮੁਹੱਈਆ ਕਰਵਾਇਆ ਜਾਵੇ ਅਤੇ ਬਿਮਾਰੀ ਕਾਰਨ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਨੂੰ ਘਟਾਇਆ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH