
ਮੋਗਾ, 23 ਜੁਲਾਈ (ਹਿੰ.ਸ.)| ਮੋਗਾ ਜ਼ਿਲ੍ਹੇ ਦੇ ਪਿੰਡ ਮੋਠਾਵਾਲੀ ਸਥਿਤ ਸਰਕਾਰੀ ਮਿਡਲ ਸਕੂਲ ਤੋਂ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੇ ਪ੍ਰਿੰਸੀਪਲ ਪਰਮਜੀਤ ਸਿੰਘ (ਅਮਰਜੀਤ ਸਿੰਘ) 'ਤੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਕਰੀਬ 10 ਤੋਂ 12 ਵਿਦਿਆਰਥੀਆਂ ਵੱਲੋਂ ਕਥਿਤ ਤੌਰ 'ਤੇ ਗਲਤ ਢੰਗ ਨਾਲ ਛੂਹਣ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਗਾਏ ਗਏ ਹਨ।ਸਵੇਰੇ ਘਟਨਾ ਤੋਂ ਗੁੱਸੇ ਵਿੱਚ ਆਏ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਸਕੂਲ ਪਹੁੰਚ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਿੰਸੀਪਲ ਨੂੰ ਸਕੂਲ ਅੰਦਰ ਹੀ ਰੋਕ ਲਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਪ੍ਰਿੰਸੀਪਲ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਪਹੁੰਚਾਇਆ।ਥਾਣਾ ਸਦਰ ਦੇ ਐੱਸਐੱਚਓ ਹਰਬਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।ਪਰਿਵਾਰਕ ਮੈਂਬਰਾਂ ਮੁਤਾਬਕ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਅੱਠਵੀਂ ਜਮਾਤ ਦੀ ਇੱਕ ਵਿਦਿਆਰਥਣ ਮੰਗਲਵਾਰ ਨੂੰ ਸਕੂਲ ਤੋਂ ਘਰ ਆ ਕੇ ਰੋਣ ਲੱਗੀ। ਮਾਪਿਆਂ ਵੱਲੋਂ ਪੁੱਛਣ 'ਤੇ ਉਸ ਨੇ ਕਥਿਤ ਤੌਰ 'ਤੇ ਪ੍ਰਿੰਸੀਪਲ ਦੀਆਂ ਹਰਕਤਾਂ ਬਾਰੇ ਜਾਣਕਾਰੀ ਦਿੱਤੀ।ਵਿਦਿਆਰਥਣ ਦੀ ਮਾਤਾ ਨੇ ਦਾਅਵਾ ਕੀਤਾ ਕਿ ਪ੍ਰਿੰਸੀਪਲ ਕਾਫ਼ੀ ਸਮੇਂ ਤੋਂ ਉਸ ਦੀ ਧੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ। ਜਦੋਂ ਉਹ ਬੁੱਧਵਾਰ ਨੂੰ ਇਸ ਸਬੰਧੀ ਸਕੂਲ ਪਹੁੰਚੇ ਤਾਂ ਪ੍ਰਿੰਸੀਪਲ ਨੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ।ਇਸ ਤੋਂ ਬਾਅਦ ਜਦੋਂ ਹੋਰ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਕਰੀਬ 10 ਤੋਂ 12 ਬੱਚਿਆਂ ਨੇ ਵੀ ਕਥਿਤ ਤੌਰ 'ਤੇ ਆਪਣੇ ਨਾਲ ਅਜਿਹੀਆਂ ਘਟਨਾਵਾਂ ਵਾਪਰਨ ਦਾ ਦਾਅਵਾ ਕੀਤਾ। ਕੁਝ ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਇਹ ਗੱਲ ਕਿਸੇ ਨੂੰ ਨਾ ਦੱਸਣ ਲਈ ਡਰਾਇਆ ਜਾਂਦਾ ਸੀ ਅਤੇ ਕਿਹਾ ਜਾਂਦਾ ਸੀ ਕਿ ਜੇਕਰ ਉਹ ਘਰ ਦੱਸਣਗੇ ਤਾਂ ਉਨ੍ਹਾਂ ਨੂੰ ਪ੍ਰੀਖਿਆ ਵਿੱਚ ਫੇਲ ਕਰ ਦਿੱਤਾ ਜਾਵੇਗਾ।ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਡਾਇਲ 112 'ਤੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪ੍ਰਿੰਸੀਪਲ ਨੂੰ ਹਿਰਾਸਤ ਵਿੱਚ ਲਿਆ। ਪੀੜਤ ਪਰਿਵਾਰਾਂ ਨੇ ਦੋਸ਼ੀ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਨ ਅਤੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।ਦੂਜੇ ਪਾਸੇ ਪ੍ਰਿੰਸੀਪਲ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਸਾਰੇ ਬੱਚੇ ਉਨ੍ਹਾਂ ਲਈ ਆਪਣੇ ਬੱਚਿਆਂ ਵਾਂਗ ਹਨ ਅਤੇ ਉਹ ਕਈ ਵਿਦਿਆਰਥੀਆਂ ਦੀ ਫੀਸ ਅਤੇ ਬੱਸ ਦਾ ਖ਼ਰਚ ਵੀ ਆਪਣੇ ਪੱਧਰ 'ਤੇ ਚੁੱਕਦੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH