
ਜਲੰਧਰ, 24 ਜੁਲਾਈ (ਹਿੰ.ਸ.)| ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਜਲੰਧਰ ਰੇਂਜ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸਫ਼ਲਤਾ ਹਾਸਲ ਕਰਦਿਆਂ ਇੱਕ ਨਸ਼ਾ ਤਸਕਰ ਨੂੰ 1 ਕਿਲੋ 536 ਗ੍ਰਾਮ ਹੈਰੋਇਨ ਅਤੇ ਇੱਕ ਹੀਰੋ ਡੈਸਟਿਨੀ ਸਕੂਟੀ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਏਐਨਟੀਐਫ ਜਲੰਧਰ ਰੇਂਜ ਦੀ ਏਆਈਜੀ ਵਤਸਲਾ ਗੁਪਤਾ (ਆਈਪੀਐਸ) ਨੇ ਦੱਸਿਆ ਕਿ ਇਹ ਕਾਰਵਾਈ ਏਐਨਟੀਐਫ ਪੰਜਾਬ ਦੇ ਏਡੀਜੀਪੀ ਨੀਲਾਭ ਕਿਸ਼ੋਰ (ਆਈਪੀਐਸ) ਅਤੇ ਡੀਐਸਪੀ ਬਿਕਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ।
ਉਨ੍ਹਾਂ ਦੱਸਿਆ ਕਿ 23 ਜੁਲਾਈ ਦੇਰ ਰਾਤ ਏਐਨਟੀਐਫ ਦੀ ਟੀਮ ਨੇ ਅੰਮ੍ਰਿਤਸਰ ਬਾਈਪਾਸ 'ਤੇ ਇੰਡੀਆ ਗੇਟ ਤੋਂ ਅੱਗੇ ਬਿਜਲੀ ਗਰਿੱਡ ਦੇ ਸਾਹਮਣੇ ਖਾਲੀ ਥਾਂ 'ਤੇ ਨਾਕਾਬੰਦੀ ਦੌਰਾਨ ਮੁਲਜ਼ਮ ਅਮਨਦੀਪ ਸ਼ਰਮਾ ਉਰਫ਼ ਡੌਨ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਦੀ ਹੀਰੋ ਡੈਸਟਿਨੀ ਸਕੂਟੀ ਵਿੱਚੋਂ 1 ਕਿਲੋ 536 ਗ੍ਰਾਮ ਹੈਰੋਇਨ ਬਰਾਮਦ ਹੋਈ।
ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਅਮਨਦੀਪ ਸ਼ਰਮਾ ਉਰਫ਼ ਡੌਨ, ਵਾਸੀ ਗਲੀ ਨੰਬਰ 9, ਆਜ਼ਾਦ ਨਗਰ, ਛੇਹਰਟਾ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਸਬੰਧੀ ਏਐਸਆਈ ਮਨਜੀਤ ਸਿੰਘ ਦੇ ਬਿਆਨਾਂ 'ਤੇ ਥਾਣਾ ਏਐਨਟੀਐਫ, ਐਸਏਐਸ ਨਗਰ (ਮੋਹਾਲੀ) ਵਿੱਚ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ 10ਵੀਂ ਜਮਾਤ ਤੱਕ ਪੜ੍ਹਿਆ ਹੋਇਆ ਹੈ ਅਤੇ ਕੱਪੜਿਆਂ ਦਾ ਕਾਰੋਬਾਰ ਕਰਦਾ ਸੀ। ਉਸ ਨੇ ਜਲਦੀ ਅਮੀਰ ਬਣਨ, ਘੱਟ ਸਮੇਂ ਵਿੱਚ ਵੱਧ ਪੈਸਾ ਕਮਾਉਣ ਅਤੇ ਆਪਣੇ ਮਹਿੰਗੇ ਸ਼ੌਕ ਪੂਰੇ ਕਰਨ ਦੀ ਲਾਲਚ ਵਿੱਚ ਹੈਰੋਇਨ ਤਸਕਰੀ ਦਾ ਧੰਦਾ ਸ਼ੁਰੂ ਕੀਤਾ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੈਰੋਇਨ ਸਪਲਾਈ ਨਾਲ ਜੁੜੇ ਪੂਰੇ ਨੈੱਟਵਰਕ ਅਤੇ ਇਸ ਵਿੱਚ ਸ਼ਾਮਲ ਹੋਰ ਤਸਕਰਾਂ ਦਾ ਪਤਾ ਲਗਾਇਆ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH