
ਬਟਾਲਾ, 24 ਜੁਲਾਈ (ਹਿੰ.ਸ.)| ਉਪ ਮੰਡਲ ਮੈਜਿਸਟ੍ਰੇਟ (ਐੱਸ.ਡੀ.ਐੱਮ.) ਬਟਾਲਾ ਸਾਰੰਗਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ ਨਿਰਮਾਣ ਲਈ ਬਟਾਲਾ ਸਬ-ਡਵੀਜ਼ਨ ਦੇ 14 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਹੈ। ਇਸ ਪ੍ਰੋਜੈਕਟ ਅਧੀਨ ਸਬ-ਡਵੀਜ਼ਨ ਬਟਾਲਾ ਦਾ 19.01 ਕਿਲੋਮੀਟਰ ਖੇਤਰ ਆਉਂਦਾ ਹੈ, ਜਿਸ ਦਾ ਕੁੱਲ ਰਕਬਾ 207.18 ਹੈਕਟੇਅਰ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਹੈ, ਉਨ੍ਹਾਂ ਵਿੱਚ ਬਸਰਾਏ, ਹਰਚੋਵਾਲ, ਭਾਮੜੀ, ਨੰਗਲ ਝੌਰ, ਭਰਥ, ਮੇਤਲਾ, ਚੀਮਾ, ਖੁੱਡੀ, ਕਿਸ਼ਨਕੋਟ, ਸੁਕਾਲਾ, ਮਚਰਾਏ, ਪੇਜੇਚੱਕ, ਮਾੜੀ ਬੁਚੀਆਂ ਅਤੇ ਬਲੜਵਾਲ ਸ਼ਾਮਲ ਹਨ।
ਐੱਸ.ਡੀ.ਐੱਮ. ਨੇ ਕਿਹਾ ਕਿ ਜਿਨ੍ਹਾਂ ਭੂ-ਮਾਲਕਾਂ ਨੇ ਅਜੇ ਤੱਕ ਆਪਣੀ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਪ੍ਰਾਪਤ ਨਹੀਂ ਕੀਤਾ, ਉਹ ਆਪਣੇ ਲੋੜੀਂਦੇ ਦਸਤਾਵੇਜ਼, ਜਿਵੇਂ ਕਿ ਆਧਾਰ ਕਾਰਡ, ਹਲਫ਼ੀਆ ਬਿਆਨ, ਬੈਂਕ ਖਾਤੇ ਦੀ ਜਾਣਕਾਰੀ ਅਤੇ ਜਮ੍ਹਾਂਬੰਦੀ ਆਦਿ ਤੁਰੰਤ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ, ਤਾਂ ਜੋ ਮੁਆਵਜ਼ੇ ਦੀ ਰਕਮ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਲਦ ਟਰਾਂਸਫਰ ਕੀਤੀ ਜਾ ਸਕੇ।
ਉਨ੍ਹਾਂ ਭੂ-ਮਾਲਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਐਕਵਾਇਰ ਕੀਤੀ ਗਈ ਜ਼ਮੀਨ 'ਤੇ ਕੋਈ ਫ਼ਸਲ ਨਾ ਬੀਜੀ ਜਾਵੇ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਨੂੰ ਐਕਸਪ੍ਰੈਸਵੇਅ ਦੇ ਨਿਰਮਾਣ ਕਾਰਜ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇ, ਤਾਂ ਜੋ ਪ੍ਰੋਜੈਕਟ ਸਮੇਂ ਸਿਰ ਮੁਕੰਮਲ ਹੋ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH