
ਪਟਿਆਲਾ , 24 ਜੁਲਾਈ (ਹਿੰ.ਸ.)| ਸਵਰਗੀ ਐਡਵੋਕੇਟ ਡਿੰਪਲ ਖੱਤਰੀ ਦੇ ਨਾਮ 'ਤੇ ਸੜਕ ਦਾ ਨਾਮ ਰੱਖਣ ਲਈ ਪਟਿਆਲਾ (ਸ਼ਹਿਰੀ) ਤੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਜੀਨਗਰ ਸਮਾਜ ਦੀ ਮੰਗ ਨੂੰ ਅੱਗੇ ਵਧਾਉਂਦੇ ਹੋਏ ਨਗਰ ਨਿਗਮ ਦੇ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਮਤਾ ਪਾਸ ਕਰਨ ਲਈ ਕਿਹਾ ਹੈ। ਸਵਰਗੀ ਐਡਵੋਕੇਟ ਡਿੰਪਲ ਖੱਤਰੀ ਦੇ ਪਰਿਵਾਰ ਅਤੇ ਜੀਨਗਰ ਸਮਾਜ ਵੱਲੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਸੀ, ਜਿਸ ਵਿੱਚ ਤੋਪਖਾਨਾ ਗੇਟ ਤੋਂ ਲੈ ਕੇ ਸ਼੍ਰੀ ਬਾਬਾ ਰਾਮਦੇਵ ਚੌਂਕ ਤੱਕ ਜਾਂਦੀ ਮੁੱਖ ਸੜਕ ਦਾ ਨਾਮ ਐਡਵੋਕੇਟ ਡਿੰਪਲ ਖੱਤਰੀ ਮਾਰਗ ਰੱਖਣ ਦੀ ਪੁਰਜ਼ੋਰ ਅਪੀਲ ਕੀਤੀ ਗਈ ਸੀ। ਜੀਨਗਰ ਸਮਾਜ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਐਡਵੋਕੇਟ ਡਿੰਪਲ ਖੱਤਰੀ ਨੇ ਇਲਾਕੇ ਦੇ ਲੋਕਾਂ ਅਤੇ ਸਮਾਜ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ ਹੈ, ਜਿਸ ਕਾਰਨ ਲੋਕਾਂ ਦੇ ਦਿਲਾਂ ਵਿੱਚ ਉਨ੍ਹਾਂ ਲਈ ਡੂੰਘਾ ਸਤਿਕਾਰ ਹੈ।ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨਗਰ ਨਿਗਮ ਦੇ ਮੇਅਰ ਨੂੰ ਲਿਖੇ ਆਪਣੇ ਸਿਫ਼ਾਰਸ਼ੀ ਪੱਤਰ ਵਿੱਚ ਇਸ ਮੰਗ ਦੀ ਅਹਿਮੀਅਤ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਇਹ ਮੰਗ ਕੇਵਲ ਜੀਨਗਰ ਸਮਾਜ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਪੂਰੇ ਪਟਿਆਲਾ ਸ਼ਹਿਰ ਵਾਸੀਆਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ। ਐਡਵੋਕੇਟ ਡਿੰਪਲ ਖੱਤਰੀ ਨੇ ਸਮਾਜ ਭਲਾਈ ਅਤੇ ਨਿਆਂ ਦੇ ਖੇਤਰ ਵਿੱਚ ਜੋ ਕਾਰਜ ਕੀਤੇ ਹਨ, ਉਹ ਹਮੇਸ਼ਾ ਯਾਦ ਰੱਖੇ ਜਾਣਗੇ।ਵਿਧਾਇਕ ਕੋਹਲੀ ਨੇ ਨਗਰ ਨਿਗਮ ਮੇਅਰ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੇ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਇਸ ਮਤੇ ਨੂੰ ਪਹਿਲ ਦੇ ਆਧਾਰ 'ਤੇ ਰੱਖ ਕੇ ਜਲਦ ਤੋਂ ਜਲਦ ਮਨਜ਼ੂਰੀ ਦਿੱਤੀ ਜਾਵੇ, ਤਾਂ ਜੋ ਇਸ ਸੜਕ ਦਾ ਨਾਮਕਰਨ ਸਰਕਾਰੀ ਤੌਰ 'ਤੇ ਅਮਲ ਵਿੱਚ ਲਿਆਂਦਾ ਜਾ ਸਕੇ। ਗੱਲਬਾਤ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਸੜਕ ਦਾ ਨਾਮ ਐਡਵੋਕੇਟ ਡਿੰਪਲ ਖੱਤਰੀ ਦੇ ਨਾਮ 'ਤੇ ਰੱਖਣਾ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਫੈਸਲੇ ਨਾਲ ਨਾ ਕੇਵਲ ਜੀਨਗਰ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ, ਸਗੋਂ ਇਲਾਕਾ ਨਿਵਾਸੀ ਵੀ ਵਿਧਾਇਕ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ। ਪ੍ਰਸ਼ਾਸਨ ਵੱਲੋਂ ਮਤਾ ਪਾਸ ਹੁੰਦੇ ਹੀ ਇਸ ਸੜਕ 'ਤੇ ਨਵੇਂ ਨਾਮ ਦੇ ਬੋਰਡ ਲਗਾਉਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH