
ਚੰਡੀਗੜ੍ਹ, 25 ਜੁਲਾਈ (ਹਿੰ.ਸ.)| ਕੈਨੇਡਾ ਅਤੇ ਅਮਰੀਕਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸਾਂਝੇ ਤੌਰ 'ਤੇ ਚਲਾਏ ਗਏ ਵੱਡੇ ਆਪ੍ਰੇਸ਼ਨ ਦੌਰਾਨ ਕਰੀਬ 1.7 ਟਨ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕਰਕੇ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਅੰਦਾਜ਼ਨ ਕੀਮਤ 139 ਮਿਲੀਅਨ ਡਾਲਰ ਤੋਂ ਵੱਧ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ 13 ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ।
'ਪ੍ਰੋਜੈਕਟ ਬੇ' ਨਾਮ ਹੇਠ ਚਲਾਏ ਗਏ ਇਸ ਆਪ੍ਰੇਸ਼ਨ ਦੌਰਾਨ ਜਾਂਚ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਗਿਰੋਹ ਕਮਰਸ਼ੀਅਲ ਟਰੱਕਿੰਗ ਉਦਯੋਗ ਅਤੇ ਕਾਨੂੰਨੀ ਸਪਲਾਈ ਚੇਨ ਦੀ ਆੜ ਵਿੱਚ ਕੈਨੇਡਾ-ਅਮਰੀਕਾ ਸਰਹੱਦ ਪਾਰ ਕੋਕੀਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਸੀ। ਜਾਂਚ ਅਨੁਸਾਰ ਇਸ ਗੁਪਤ ਆਪ੍ਰੇਸ਼ਨ ਦੀ ਸ਼ੁਰੂਆਤ ਜਨਵਰੀ 2025 ਵਿੱਚ ਵਿੰਡਸਰ ਪੁਲਿਸ ਸਰਵਿਸ ਨੇ ਕੀਤੀ ਸੀ। ਫਰਵਰੀ 2025 ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੀ ਜਾਂਚ ਵਿੱਚ ਸ਼ਾਮਲ ਹੋ ਗਈ। ਜਾਂਚ ਅੱਗੇ ਵਧਣ 'ਤੇ ਸਾਹਮਣੇ ਆਇਆ ਕਿ ਇਹ ਇੱਕ ਸੁਚੱਜੇ ਢੰਗ ਨਾਲ ਚੱਲ ਰਿਹਾ ਅੰਤਰਰਾਸ਼ਟਰੀ ਤਸਕਰੀ ਨੈੱਟਵਰਕ ਸੀ।
ਅਧਿਕਾਰੀਆਂ ਮੁਤਾਬਕ ਗਿਰੋਹ ਨੇ ਟਰੱਕਿੰਗ ਉਦਯੋਗ ਦੇ ਅੰਦਰ ਇੱਕ ਬ੍ਰੋਕਰ-ਸਟਾਈਲ ਨੈੱਟਵਰਕ ਤਿਆਰ ਕੀਤਾ ਹੋਇਆ ਸੀ, ਜੋ ਕਾਨੂੰਨੀ ਲੌਜਿਸਟਿਕਸ ਪ੍ਰਣਾਲੀ ਅਤੇ ਕਮਰਸ਼ੀਅਲ ਟਰੱਕਾਂ ਦੀ ਵਰਤੋਂ ਕਰਕੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਸਰਹੱਦ ਪਾਰ ਪਹੁੰਚਾਉਂਦਾ ਸੀ। ਇਸ ਸਾਂਝੇ ਆਪ੍ਰੇਸ਼ਨ ਵਿੱਚ ਅਮਰੀਕਾ ਦੀਆਂ ਯੂ.ਐਸ. ਹੋਮਲੈਂਡ ਸਿਕਿਊਰਿਟੀ ਇਨਵੈਸਟੀਗੇਸ਼ਨਜ਼ ਅਤੇ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ ਖੁਫੀਆ ਜਾਣਕਾਰੀ ਸਾਂਝੀ ਕੀਤੀ, ਜਦਕਿ ਕੈਨੇਡਾ ਵਿੱਚ ਟੋਰਾਂਟੋ ਪੁਲਿਸ ਸਰਵਿਸ ਅਤੇ ਪੀਲ ਰੀਜਨਲ ਪੁਲਿਸ ਨੇ ਛਾਪੇਮਾਰੀ ਅਤੇ ਗ੍ਰਿਫ਼ਤਾਰੀਆਂ ਵਿੱਚ ਸਹਿਯੋਗ ਦਿੱਤਾ।
ਜਾਂਚ ਦੌਰਾਨ 14 ਜੁਲਾਈ ਨੂੰ ਮਾਰਖਮ ਅਤੇ ਕੈਲੇਡਨ ਵਿੱਚ ਤਲਾਸ਼ੀ ਵਾਰੰਟਾਂ ਤਹਿਤ ਛਾਪੇ ਮਾਰੇ ਗਏ, ਜਦਕਿ 20 ਜੁਲਾਈ ਨੂੰ ਬ੍ਰੈਂਪਟਨ ਵਿੱਚ ਵੀ ਦੋ ਥਾਵਾਂ 'ਤੇ ਕਾਰਵਾਈ ਕਰਕੇ ਹੋਰ ਸਬੂਤ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏੇ ਮੁਲਜ਼ਮਾਂ ਵਿੱਚ ਗਗਨਦੀਪ ਥਿੰਦਲ, ਸਿਮਰਨਜੀਤ ਸਿੰਘ, ਕਨਵਰਪਾਲ ਕੁੱਲਾਰ, ਜਤਿੰਦੀਪ ਸਿੰਘ, ਜਸਵਿੰਦਰ ਸੋਹੀ, ਤੇਜਵਿੰਦਰ ਸੰਧੂ, ਹਰਵਿੰਦਰ ਸੰਧੂ, ਹਨਿੰਦਰਪਾਲ ਗਰੇਵਾਲ, ਮੁਹੰਮਦ ਬਿਨਹਸਨ, ਮਿਸ਼ੇਲ ਮੋਸਕੋਨ, ਗੁੰਦੀਪ ਤਾਰੀਵਾਲ, ਸ਼ੌਨ ਬੈਟੇ, ਜ਼ੈਨ ਖ਼ਵਾਜਾ, ਵਿਲੀ ਸ਼ਵਾਰਟਜ਼, ਮਹਿਕਪ੍ਰੀਤ ਸਿੰਘ, ਕਰਨਦੀਪ ਸਿੰਘ, ਤਰਮਿੰਦਰ ਸਿੰਘ, ਸਟੀਵ ਸਕੁਸੋਲਿਨ ਅਤੇ ਅਵਤਾਰ ਸਾਹੋਤਾ ਦੇ ਨਾਮ ਸ਼ਾਮਲ ਹਨ। ਇੱਕ ਮੁਲਜ਼ਮ ਦੀ ਪਛਾਣ ਕਾਨੂੰਨੀ ਕਾਰਨਾਂ ਕਰਕੇ ਜਨਤਕ ਨਹੀਂ ਕੀਤੀ ਗਈ।
ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH