
ਅਜਨਾਲਾ, 25 ਜੁਲਾਈ (ਹਿੰ.ਸ.)| ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਵਿਖੇ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਂਗਣਵਾੜੀ ਸਰਵਿਸਿਜ਼ ਸਕੀਮ ਅਧੀਨ ਨਵੀਆਂ ਚੁਣੀਆਂ ਗਈਆਂ 16 ਆਂਗਨਵਾੜੀ ਵਰਕਰ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਕੇ ਸਨਮਾਨ ਦਿੱਤਾ।
ਨਿਯੁਕਤੀ ਪੱਤਰ ਵੰਡਣ ਮੌਕੇ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ਤਾ, ਯੋਗਤਾ ਆਧਾਰਿਤ, ਬਿਨਾਂ ਕਿਸੇ ਭਾਈ ਭਤੀਜਾਵਾਦ, ਸਿਫ਼ਾਰਸ਼ ਜਾਂ ਰਿਸ਼ਵਤਖੋਰੀ ਦੇ 69 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਦੇਣ ਚ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ, ਜਦੋਂ ਕਿ ਸਾਬਕਾ ਸਰਕਾਰਾਂ ਵੱਲੋਂ ਬੇਰੁਜ਼ਗਾਰਾਂ ਤੇ ਉਹਨਾਂ ਦੇ ਵਾਰਸਾਂ ਦਾ ਰੱਜ਼ ਕੇ ਵਿੱਤੀ ਸ਼ੋਸ਼ਣ ਕਰਦਿਆਂ ਸਰਕਾਰੀ ਨੌਕਰੀਆਂ ਚ ਭਰਤੀ ਦੇ ਨਾਂਅ ਤੇ ਕਥਿਤ ਤੌਰ ਤੇ ਭਾਰੀ ਰਿਸ਼ਵਤਖੋਰੀ ਵਸੂਲੀ ਜਾਂਦੀ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਨ ਸਰਕਾਰ ਦੀ ਵਚਨਬੱਧਤਾ ਹੈ ਕਿ ਹਰ ਯੋਗ ਉਮੀਦਵਾਰ ਨੂੰ ਉਸ ਦੀ ਮਿਹਨਤ ਅਤੇ ਯੋਗਤਾ ਦੇ ਆਧਾਰ 'ਤੇ ਸਰਕਾਰੀ ਰੁਜ਼ਗਾਰ ਦਾ ਦਿੱਤਾ ਜਾਵੇ ਅਤੇ ਇਸੇ ਵਚਨਬੱਧਤਾ ਤੇ ਕੱਟੜ ਇਮਾਨਦਾਰੀ ਨਾਲ ਪਹਿਰਾ ਦਿੱਤਾ ਜਾ ਰਿਹਾ ਹੈ।
ਧਾਲੀਵਾਲ ਨੇ ਨਵ-ਨਿਯੁਕਤ ਆਗਨਵਾੜੀ ਵਰਕਰਾਂ ਨੂੰ ਸਨਮਾਨ ਵਜੋਂ ਵਧਾਈਆਂ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਨਵ ਨਿਯੁਕਤ 19 ਆਂਗਨਵਾੜੀ ਵਰਕਰਾਂ ਆਪਣੀ ਡਿਊਟੀ ਪੂਰੀ ਇਮਾਨਦਾਰੀ, ਲਗਨ ਅਤੇ ਸੇਵਾ ਭਾਵਨਾ ਨਾਲ ਨਿਭਾਉਂਦਿਆਂ ਮਿਸ਼ਨ ਪੋਸ਼ਣ 2.0 ਤਹਿਤ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਔਰਤਾਂ ਦੀ ਸਿਹਤ ਅਤੇ ਪੋਸ਼ਣ ਸਬੰਧੀ ਸਰਕਾਰੀ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।
ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਕੋਰਾਡੀਨੇਟਰ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਸੀ.ਡੀ.ਪੀ.ਓ. ਬਿਕਰਮਜੀਤ ਸਿੰਘ, ਪੀ ਏ ਮੁਖ਼ਤਾਰ ਸਿੰਘ ਬਲੜਵਾਲ, ਸ਼ਹਿਰੀ ਪ੍ਰਧਾਨ ਅਮਿਤ ਔਲ, ਨਗਰ ਪੰਚਾਇਤ ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋਂ ਤੇ ਐਡਵੋਕੇਟ ਸੰਦੀਪ ਕੌਸ਼ਲ ਗੱਟੂ ਆਦਿ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH