
ਚੰਡੀਗੜ੍ਹ, 26 ਜੁਲਾਈ (ਹਿੰ.ਸ.)| ਮੋਗਾ ਵਿੱਚ ਨਿੱਜੀ ਵਿੱਤੀ ਸੰਸਥਾ ਅੰਨਪੂਰਣਾ ਫਾਇਨਾਂਸ ਪ੍ਰਾਈਵੇਟ ਲਿਮਿਟੇਡ ਦੀ ਅਜੀਤਵਾਲ ਸ਼ਾਖਾ ਵਿੱਚ 11.70 ਲੱਖ ਰੁਪਏ ਦੇ ਗਬਨ ਅਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਅਜੀਤਵਾਲ ਥਾਣਾ ਪੁਲਿਸ ਨੇ ਕੰਪਨੀ ਦੇ ਹੀ ਤਿੰਨ ਮੁਲਾਜ਼ਮਾਂ ਖ਼ਿਲਾਫ਼ ਜਾਅਲੀ ਦਸਤਾਵੇਜ਼ ਤਿਆਰ ਕਰਕੇ ਕੰਪਨੀ ਦੀ ਰਕਮ ਹੜੱਪਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਕਾਰਵਾਈ ਮਾਨਸਾ ਜ਼ਿਲ੍ਹੇ ਦੇ ਪਿੰਡ ਮਲੇਜ ਕਲਰੀ ਦੇ ਰਹਿਣ ਵਾਲੇ ਅਤੇ ਕੰਪਨੀ ਦੇ ਏਰੀਆ ਮੈਨੇਜਰ ਪ੍ਰਗਟ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ। ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਅਧੀਨ ਜ਼ਿਲ੍ਹੇ ਦੀਆਂ ਅੱਠ ਸ਼ਾਖਾਵਾਂ ਆਉਂਦੀਆਂ ਹਨ, ਜਿਨ੍ਹਾਂ ਵਿੱਚ ਅਜੀਤਵਾਲ ਸ਼ਾਖਾ ਵੀ ਸ਼ਾਮਲ ਹੈ।
ਸ਼ਿਕਾਇਤ ਅਨੁਸਾਰ ਅਜੀਤਵਾਲ ਸ਼ਾਖਾ ਵਿੱਚ ਤਾਇਨਾਤ ਮੁਲਾਜ਼ਮ ਕੁਲਦੀਪ ਸਿੰਘ ਵਾਸੀ ਅਹਿਮਦ ਢੰਡੀ (ਫਿਰੋਜ਼ਪੁਰ), ਨਛੱਤਰ ਸਿੰਘ ਵਾਸੀ ਜੀਰਾ (ਫਿਰੋਜ਼ਪੁਰ) ਅਤੇ ਰੋਬਿਨ ਵਾਸੀ ਡੱਬਵਾਲਾ ਕਲਾਂ (ਫਾਜ਼ਿਲਕਾ) ਨੇ ਮਿਲ ਕੇ ਕਥਿਤ ਤੌਰ 'ਤੇ ਜਾਅਲੀ ਦਸਤਾਵੇਜ਼ ਅਤੇ ਫਰਜ਼ੀ ਰਿਕਾਰਡ ਤਿਆਰ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਦੇ ਵੱਖ-ਵੱਖ ਖਾਤਿਆਂ ਵਿੱਚ ਹੇਰਾਫੇਰੀ ਕਰਦਿਆਂ 11.70 ਲੱਖ ਰੁਪਏ ਦੀ ਰਕਮ ਹੋਰ ਖਾਤਿਆਂ ਵਿੱਚ ਟਰਾਂਸਫਰ ਕਰਕੇ ਗਬਨ ਕਰ ਲਿਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਡੀਐੱਸਪੀ (ਸਪੈਸ਼ਲ ਕਰਾਈਮ) ਵੱਲੋਂ ਕੀਤੀ ਗਈ। ਜਾਂਚ ਦੌਰਾਨ ਮੁਲਜ਼ਮਾਂ ਖ਼ਿਲਾਫ਼ ਲਗਾਏ ਗਏ ਦੋਸ਼ ਪਹਿਲੀ ਨਜ਼ਰ ਵਿੱਚ ਸਹੀ ਪਾਏ ਗਏ। ਜਾਂਚ ਰਿਪੋਰਟ ਦੇ ਆਧਾਰ 'ਤੇ ਅਜੀਤਵਾਲ ਥਾਣਾ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH