

ਚੰਡੀਗੜ੍ਹ, 26 ਜੁਲਾਈ (ਹਿੰ.ਸ.)| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਕਾਰਗਿਲ ਵਿਜੇ ਦਿਵਸ ਮੌਕੇ ਚੰਡੀਗੜ੍ਹ ਸਥਿਤ ਵਾਰ ਮੈਮੋਰੀਅਲ ਵਿਖੇ ਪਹੁੰਚ ਕੇ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਫੌਜ, ਪ੍ਰਸ਼ਾਸਨ ਅਤੇ ਹੋਰ ਪਤਵੰਤੇ ਹਾਜ਼ਰ ਸਨ। ਮੁੱਖ ਮੰਤਰੀ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਫੌਜ ਦੇ ਨਾਂ ਸੰਦੇਸ਼ ਵੀ ਲਿਖਿਆ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕਾਰਗਿਲ ਵਿਜੇ ਦਿਵਸ ਦੇਸ਼ ਦੇ ਬਹਾਦਰ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਦਾ ਦਿਨ ਹੈ। ਉਨ੍ਹਾਂ ਦੱਸਿਆ ਕਿ ਮਈ ਤੋਂ 26 ਜੁਲਾਈ 1999 ਤੱਕ ਚੱਲੇ ਕਾਰਗਿਲ ਯੁੱਧ ਵਿੱਚ 527 ਤੋਂ ਵੱਧ ਭਾਰਤੀ ਜਵਾਨਾਂ ਨੇ ਸਰਵਉੱਚ ਕੁਰਬਾਨੀ ਦਿੱਤੀ ਸੀ, ਜਿਨ੍ਹਾਂ ਵਿੱਚ 65 ਜਵਾਨ ਪੰਜਾਬ ਨਾਲ ਸਬੰਧਤ ਸਨ। ਇਹ ਸਮਾਗਮ ਸੈਨਿਕ ਭਲਾਈ ਬੋਰਡ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਕਰਵਾਇਆ ਗਿਆ।
ਮੁੱਖ ਮੰਤਰੀ ਨੇ ਕਿਹਾ, ਜੋ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀ ਹੈ, ਉਹ ਹਮੇਸ਼ਾ ਤਰੱਕੀ ਕਰਦੀ ਹੈ। ਸ਼ਹੀਦ ਕਿਸੇ ਇੱਕ ਪਰਿਵਾਰ ਦੇ ਨਹੀਂ, ਸਗੋਂ ਪੂਰੇ ਦੇਸ਼ ਦੇ ਹੁੰਦੇ ਹਨ। ਮੈਂ ਹਰ ਸਾਲ ਇੱਥੇ ਆ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਕਾਰਗਿਲ ਯੁੱਧ ਦੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਵੇਲੇ ਉਹ ਪਟਿਆਲਾ ਵਿੱਚ ਰਹਿੰਦੇ ਸਨ ਅਤੇ ਇੱਕ ਕਲਾਕਾਰ ਵਜੋਂ ਕੀਤੇ ਆਪਣੇ ਪ੍ਰੋਗਰਾਮ ਦੀ ਕਮਾਈ ਫੌਜ ਦੀ ਮਦਦ ਲਈ ਭੇਜੀ ਸੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇ ਜਵਾਨ ਹੀ ਦੇਸ਼ ਦੀਆਂ ਸਰਹੱਦਾਂ 'ਤੇ ਹਰ ਮੌਸਮ ਵਿੱਚ ਡਟੇ ਰਹਿੰਦੇ ਹਨ, ਜਿਸ ਕਾਰਨ ਦੇਸ਼ ਵਾਸੀ ਸੁਰੱਖਿਅਤ ਜੀਵਨ ਬਤੀਤ ਕਰਦੇ ਹਨ। ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੀ ਮੁੱਖ ਮੰਤਰੀ ਦੇ ਨਾਲ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ / GURSHARAN SINGH