
ਪਟਿਆਲਾ, 26 ਜੁਲਾਈ (ਹਿੰ.ਸ.)| ਸੀਐਮ ਦੀ ਯੋਗਸ਼ਾਲਾ ਤਹਿਤ ਅਰਬਨ ਅਸਟੇਟ ਫੇਸ-2 ਅਤੇ ਫੇਸ-3 ਵਿੱਚ ਚੱਲ ਰਹੀਆਂ ਮੁਫ਼ਤ ਯੋਗ ਕਲਾਸਾਂ ਨੂੰ ਇਲਾਕਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਯੋਗ ਕਲਾਸਾਂ ਵਿੱਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਨਿਯਮਿਤ ਯੋਗ ਅਭਿਆਸ ਨਾਲ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਕਾਫ਼ੀ ਸੁਧਾਰ ਆਇਆ ਹੈ।ਯੋਗ ਇੰਸਟ੍ਰਕਟਰ ਗੁਰਦੀਪ ਸਿੰਘ ਨੇ ਕਿਹਾ ਕਿ ਯੋਗ ਸਿਰਫ਼ ਕਸਰਤ ਨਹੀਂ, ਸਗੋਂ ਸਿਹਤਮੰਦ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਨਿਯਮਿਤ ਯੋਗ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ, ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਜੀਵਨ ਵਿੱਚ ਸਕਾਰਾਤਮਕਤਾ ਆਉਂਦੀ ਹੈ।ਅਰਬਨ ਅਸਟੇਟ ਫੇਸ-2 ਦੀ ਭਾਗੀਦਾਰ ਨੀਰਜਾ ਮਾਥੁਰ ਨੇ ਦੱਸਿਆ ਕਿ ਯੋਗ ਅਭਿਆਸ ਨਾਲ ਉਨ੍ਹਾਂ ਦੀ ਸ਼ੂਗਰ ਕੰਟਰੋਲ ਵਿੱਚ ਆ ਗਈ ਹੈ ਅਤੇ ਫਰੋਜ਼ਨ ਸ਼ੋਲਡਰ ਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਿੱਚ ਵੀ ਕਾਫ਼ੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਤਿੰਨ ਸਾਲਾਂ ਤੋਂ ਨਿਯਮਿਤ ਯੋਗ ਕਰਨ ਕਾਰਨ ਉਨ੍ਹਾਂ ਦੀਆਂ ਦਵਾਈਆਂ ਦੀ ਲੋੜ ਵੀ ਕਾਫ਼ੀ ਘੱਟ ਹੋ ਗਈ ਹੈ।ਫੇਸ-3 ਦੀ 73 ਸਾਲਾ ਆਸ਼ਾ ਰਾਣੀ ਨੇ ਦੱਸਿਆ ਕਿ ਯੋਗ ਨਾਲ ਉਨ੍ਹਾਂ ਨੂੰ ਸਾਇਟਿਕਾ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਯੋਗਸ਼ਾਲਾ ਨੇ ਨਾ ਸਿਰਫ਼ ਉਨ੍ਹਾਂ ਦੀ ਸਿਹਤ ਸੁਧਾਰੀ ਹੈ, ਸਗੋਂ ਲੋਕਾਂ ਨਾਲ ਮਿਲਣ-ਜੁਲਣ ਦਾ ਮੌਕਾ ਵੀ ਦਿੱਤਾ ਹੈ, ਜਿਸ ਨਾਲ ਇਕੱਲੇਪਣ ਅਤੇ ਮਾਨਸਿਕ ਤਣਾਅ ਵਿੱਚ ਵੀ ਕਮੀ ਆਈ ਹੈ।ਜ਼ਿਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਦੱਸਿਆ ਕਿ ਜਿਹੜੇ ਨਾਗਰਿਕ ਆਪਣੇ ਇਲਾਕੇ ਵਿੱਚ ਸੀਐਮ ਦੀ ਯੋਗਸ਼ਾਲਾ ਸ਼ੁਰੂ ਕਰਵਾਉਣਾ ਚਾਹੁੰਦੇ ਹਨ, ਉਹ 25 ਮੈਂਬਰਾਂ ਦਾ ਸਮੂਹ ਬਣਾ ਕੇ ਟੋਲ-ਫਰੀ ਨੰਬਰ 76694-00500 'ਤੇ ਮਿਸ ਕਾਲ ਦੇ ਸਕਦੇ ਹਨ ਜਾਂ ਸੀਐਮ ਦੀ ਯੋਗਸ਼ਾਲਾ ਦੇ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH