
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕੀਤਾ ਉਦਘਾਟਨ, ਬੰਦੀਆਂ ਨੂੰ ਮੁਫ਼ਤ ਟੈਸਟ ਅਤੇ ਦਵਾਈਆਂ ਦੀ ਮਿਲੇਗੀ ਸਹੂਲਤਹੁਸ਼ਿਆਰਪੁਰ, 27 ਜੁਲਾਈ (ਹਿੰ.ਸ.)|ਪੰਜਾਬ ਦੇ ਜੇਲ੍ਹਾਂ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿੱਚ ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਤੱਕ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਹੁਣ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਵੀ ਇਹ ਸਹੂਲਤਾਂ ਜੇਲ੍ਹ ਅੰਦਰ ਹੀ ਉਪਲਬਧ ਹੋਣਗੀਆਂ।ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਹੁਣ 1090 ਆਮ ਆਦਮੀ ਕਲੀਨਿਕ ਸਥਾਪਿਤ ਹੋ ਚੁੱਕੇ ਹਨ। ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿੱਚ ਕਲੀਨਿਕ ਸ਼ੁਰੂ ਹੋਣ ਨਾਲ ਜ਼ਿਲ੍ਹੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ 77 ਹੋ ਗਈ ਹੈ।ਉਨ੍ਹਾਂ ਕਿਹਾ ਕਿ ਇਸ ਕਲੀਨਿਕ ਰਾਹੀਂ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ 45 ਕਿਸਮਾਂ ਦੇ ਮੈਡੀਕਲ ਟੈਸਟ ਅਤੇ 100 ਤੋਂ ਵੱਧ ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਨਾਲ ਲਗਭਗ 1400 ਬੰਦੀਆਂ ਨੂੰ ਜੇਲ੍ਹ ਤੋਂ ਬਾਹਰ ਲਿਜਾਣ ਦੀ ਲੋੜ ਘੱਟ ਹੋਵੇਗੀ ਅਤੇ ਉਨ੍ਹਾਂ ਦੇ ਮੁੱਢਲੇ ਇਲਾਜ ਅਤੇ ਜਾਂਚ ਦੀ ਸਹੂਲਤ ਜੇਲ੍ਹ ਅੰਦਰ ਹੀ ਮਿਲੇਗੀ।ਜੇਲ੍ਹ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਅੱਠ ਜੇਲ੍ਹਾਂ ਵਿੱਚ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਕਲੀਨਿਕਾਂ ਵਿੱਚ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨਿਕ ਅਸਿਸਟੈਂਟ ਅਤੇ ਹੈਲਪਰ ਤਾਇਨਾਤ ਕੀਤੇ ਗਏ ਹਨ, ਤਾਂ ਜੋ ਬੰਦੀਆਂ ਨੂੰ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮਿਲ ਸਕਣ।ਡਾ. ਰਵਜੋਤ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਹੁਣ ਤੱਕ ਕਰੀਬ 5.90 ਕਰੋੜ ਲੋਕ ਇਨ੍ਹਾਂ ਕਲੀਨਿਕਾਂ ਵਿੱਚ ਸਿਹਤ ਸੇਵਾਵਾਂ ਦਾ ਲਾਭ ਲੈ ਚੁੱਕੇ ਹਨ, ਜਦਕਿ ਸਾਢੇ 3 ਕਰੋੜ ਤੋਂ ਵੱਧ ਮੈਡੀਕਲ ਟੈਸਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਕਲੀਨਿਕਾਂ ਵਿੱਚ ਗਰਭਵਤੀ ਮਹਿਲਾਵਾਂ ਲਈ ਦੇਖਭਾਲ, ਸਕਰੀਨਿੰਗ ਅਤੇ ਪੋਸ਼ਣ ਸਬੰਧੀ ਸੇਵਾਵਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਯੋਜਨਾ ਆਉਣ ਵਾਲੇ ਸਮੇਂ ਵਿੱਚ 300 ਹੋਰ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਹੈ, ਤਾਂ ਜੋ ਹਰ ਖੇਤਰ ਦੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਮੁੱਢਲੀਆਂ ਅਤੇ ਮਿਆਰੀ ਸਿਹਤ ਸੇਵਾਵਾਂ ਉਪਲਬਧ ਹੋ ਸਕਣ।ਇਸ ਮੌਕੇ ਜੇਲ੍ਹ ਸੁਪਰਡੈਂਟ ਹਰਚਰਨ ਸਿੰਘ ਗਿੱਲ, ਸਿਵਲ ਸਰਜਨ ਡਾ. ਮਨਦੀਪ ਕਮਲ, ਵਧੀਕ ਸੁਪਰਡੈਂਟ ਹਰਬੰਸ ਸਿੰਘ, ਡਿਪਟੀ ਸੁਪਰਡੈਂਟ ਆਸ਼ਾ ਰਾਣੀ, ਸ਼ਹਿਰੀ ਨੋਡਲ ਅਧਿਕਾਰੀ ਡਾ. ਰੋਹਿਤ ਬਬੂਤਾ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਐਨਐਚਐਮ ਮੁਹੰਮਦ ਆਸਿਫ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH