
ਲੁਧਿਆਣਾ, 29 ਜੁਲਾਈ (ਹਿੰ.ਸ.)| ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਪਾਬੰਦੀਸ਼ੁਦਾ ਸਮਾਨ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਦੋ ਕੈਦੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਏ ਹਨ, ਜਦਕਿ ਇੱਕ ਟੱਚ ਸਕਰੀਨ ਮੋਬਾਈਲ ਲਾਵਾਰਿਸ ਹਾਲਤ ਵਿੱਚ ਮਿਲਿਆ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਨੇ ਦੋ ਕੈਦੀਆਂ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਲਿਹਾਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ, ਜੇਲ੍ਹ ਅੰਦਰ ਨਿਯਮਤ ਚੈਕਿੰਗ ਦੌਰਾਨ ਕੈਦੀਆਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਕੈਦੀ ਗੁਰਪ੍ਰੀਤ ਸਿੰਘ ਦੇ ਕਬਜ਼ੇ ਵਿੱਚੋਂ ਕਾਲੇ ਰੰਗ ਦਾ ਕੀਪੈਡ ਮੋਬਾਈਲ ਫੋਨ, ਬੈਟਰੀ ਅਤੇ ਸਿਮ ਕਾਰਡ ਸਮੇਤ ਬਰਾਮਦ ਕੀਤਾ ਗਿਆ।
ਇਸੇ ਤਰ੍ਹਾਂ ਕੈਦੀ ਰੋਹਿਤ ਕੁਮਾਰ ਕੋਲੋਂ ਵੀ ਇੱਕ ਕੀਪੈਡ ਮੋਬਾਈਲ, ਸਿਮ ਕਾਰਡ ਅਤੇ ਬੈਟਰੀ ਬਰਾਮਦ ਹੋਈ। ਚੈਕਿੰਗ ਦੌਰਾਨ ਜੇਲ੍ਹ ਪਰਿਸਰ ਵਿੱਚੋਂ ਇੱਕ ਟੱਚ ਸਕਰੀਨ ਮੋਬਾਈਲ ਵੀ ਲਾਵਾਰਿਸ ਹਾਲਤ ਵਿੱਚ ਮਿਲਿਆ।
ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬਰਾਮਦ ਕੀਤੇ ਮੋਬਾਈਲਾਂ ਵਿੱਚ ਵਰਤੇ ਜਾ ਰਹੇ ਸਿਮ ਕਾਰਡ ਕਿਸ ਦੇ ਨਾਮ 'ਤੇ ਰਜਿਸਟਰ ਹਨ ਅਤੇ ਇਨ੍ਹਾਂ ਰਾਹੀਂ ਕਿਸ-ਕਿਸ ਨਾਲ ਸੰਪਰਕ ਕੀਤਾ ਗਿਆ ਸੀ।
ਸ਼ਿਕਾਇਤ ਮੁਤਾਬਕ, ਦੋਸ਼ੀਆਂ ਨੇ ਜੇਲ੍ਹ ਅੰਦਰ ਪਾਬੰਦੀਸ਼ੁਦਾ ਸਮਾਨ ਰੱਖ ਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਬਲਿਹਾਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਕੈਦੀ ਗੁਰਪ੍ਰੀਤ ਸਿੰਘ, ਕੈਦੀ ਰੋਹਿਤ ਕੁਮਾਰ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH