ਮੋਹਾਲੀ 'ਚ ਗੈਰ-ਕਾਨੂੰਨੀ ਮਾਈਨਿੰਗ ਦੀਆਂ 6 ਸਾਈਟਾਂ ਦੀ ਪਛਾਣ; ਵੱਖ-ਵੱਖ ਮਾਮਲਿਆਂ ’ਚ ਐੱਫਆਈਆਰ ਦਰਜ
ਮੋਹਾਲੀ, 29 ਜੁਲਾਈ (ਹਿੰ.ਸ.)| ਪੰਜਾਬ ਮਾਈਨਜ਼ ਐਂਡ ਜੀਓਲੋਜੀ ਵਿਭਾਗ ਨੇ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਜੁਲਾਈ ਮਹੀਨੇ ਦੌਰਾਨ ਛੇ ਗੈਰ-ਅਧਿਕਾਰਤ ਖੁਦਾਈ ਵਾਲੀਆਂ ਸਾਈਟਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕੀਤੀ ਹੈ। ਵਿਭਾਗ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ
ਪੰਜਾਬ ਮਾਈਨਜ਼ ਐਂਡ ਜੀਓਲੋਜੀ ਵਿਭਾਗ ਵੱਲੋਂ ਜਾਰੀ ਕੀਤੀ ਫੋਟੋ।


ਮੋਹਾਲੀ, 29 ਜੁਲਾਈ (ਹਿੰ.ਸ.)| ਪੰਜਾਬ ਮਾਈਨਜ਼ ਐਂਡ ਜੀਓਲੋਜੀ ਵਿਭਾਗ ਨੇ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਜੁਲਾਈ ਮਹੀਨੇ ਦੌਰਾਨ ਛੇ ਗੈਰ-ਅਧਿਕਾਰਤ ਖੁਦਾਈ ਵਾਲੀਆਂ ਸਾਈਟਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕੀਤੀ ਹੈ। ਵਿਭਾਗ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਐੱਫਆਈਆਰ ਦਰਜ ਕਰਵਾਉਣ ਦੇ ਨਾਲ-ਨਾਲ ਹੋਰ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਗੁਰਤੇਜ ਸਿੰਘ ਗਰਚਾ ਨੇ ਦੱਸਿਆ ਕਿ ਐਸਡੀਓ ਪ੍ਰਦੀਪ ਕੁਮਾਰ ਅਤੇ ਮਾਈਨਿੰਗ ਇੰਸਪੈਕਟਰਾਂ ਦੀਆਂ ਟੀਮਾਂ ਵੱਲੋਂ ਕੀਤੀਆਂ ਜਾਂਚਾਂ ਦੌਰਾਨ ਖੇੜੀ ਜੱਟਾਂ, ਮੁਕੰਦਪੁਰ, ਹੈਬਤਪੁਰ, ਬਿਜਨਪੁਰ, ਡੇਰਾਬੱਸੀ ਖੇਤਰ ਅਤੇ ਰਾਮਪੁਰ ਸੈਣੀਆਂ ਵਿੱਚ ਗੈਰ-ਕਾਨੂੰਨੀ ਖੁਦਾਈ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਸਥਾਨਾਂ 'ਤੇ ਕਰੀਬ 12.79 ਲੱਖ ਘਣ ਫੁੱਟ ਤੋਂ ਵੱਧ ਸਮੱਗਰੀ ਦੀ ਗੈਰ-ਕਾਨੂੰਨੀ ਖੁਦਾਈ ਹੋਣ ਦਾ ਸ਼ੱਕ ਹੈ, ਜਿਸ ਵਿੱਚ ਇੱਕ ਸਾਈਟ 'ਤੇ ਹੀ ਲਗਭਗ 6.55 ਲੱਖ ਘਣ ਫੁੱਟ ਖੁਦਾਈ ਦਰਜ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਸਥਾਨ ਲਈ ਮਾਈਨਿੰਗ ਜਾਂ ਮਿੱਟੀ ਦੀ ਖੁਦਾਈ ਸਬੰਧੀ ਕੋਈ ਮਨਜ਼ੂਰੀ ਜਾਂ ਪਰਮਿਟ ਜਾਰੀ ਨਹੀਂ ਕੀਤਾ ਗਿਆ ਸੀ। ਜ਼ਮੀਨ ਦੀ ਮਲਕੀਅਤ ਅਤੇ ਸਬੰਧਤ ਖਸਰਾ ਨੰਬਰਾਂ ਦੀ ਪੁਸ਼ਟੀ ਲਈ ਮਾਲ ਵਿਭਾਗ ਨੂੰ ਨਿਸ਼ਾਨਦੇਹੀ ਕਰਨ ਲਈ ਕਿਹਾ ਗਿਆ ਹੈ। ਰਿਪੋਰਟ ਮਿਲਣ ਤੋਂ ਬਾਅਦ ਹੋਰ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।

ਮਾਈਨਿੰਗ ਵਿਭਾਗ ਨੇ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ, 1957 ਦੀਆਂ ਧਾਰਾਵਾਂ 4(1) ਅਤੇ 21(1) ਤਹਿਤ ਵੀ ਕਾਰਵਾਈ ਸ਼ੁਰੂ ਕੀਤੀ ਹੈ। ਜੁਲਾਈ ਦੌਰਾਨ ਡੇਰਾਬੱਸੀ, ਹੰਡੇਸਰਾ, ਬਿਜਨਪੁਰ, ਪੀਰ ਮੁੱਛੱਲਾ ਅਤੇ ਘਡੋਲੀ ਵਿੱਚ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਕਈ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਹੰਡੇਸਰਾ ਦੇ ਟਾਂਗਰੀ ਦਰਿਆ ਖੇਤਰ ਵਿੱਚ ਕਰੀਬ 40.50 ਲੱਖ ਘਣ ਫੁੱਟ ਮਿੱਟੀ ਦੀ ਗੈਰ-ਕਾਨੂੰਨੀ ਖੁਦਾਈ ਦਾ ਮਾਮਲਾ ਵੀ ਸਾਹਮਣੇ ਆਇਆ ਹੈ।

ਵਿਭਾਗ ਅਨੁਸਾਰ ਬਿਜਨਪੁਰ ਵਿੱਚ ਇੱਕ ਜਾਂਚ ਦੌਰਾਨ ਜੇਸੀਬੀ ਮਸ਼ੀਨ ਨਾਲ ਗੈਰ-ਕਾਨੂੰਨੀ ਖੁਦਾਈ ਕੀਤੀ ਜਾ ਰਹੀ ਸੀ, ਪਰ ਕਾਰਵਾਈ ਤੋਂ ਪਹਿਲਾਂ ਹੀ ਮਸ਼ੀਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੀਰ ਮੁੱਛੱਲਾ ਨੇੜੇ ਘੱਗਰ ਦਰਿਆ ਵਿੱਚੋਂ ਕਥਿਤ ਤੌਰ 'ਤੇ ਬਜਰੀ ਦੀ ਗੈਰ-ਕਾਨੂੰਨੀ ਖੁਦਾਈ ਕਰਨ ਦੇ ਦੋਸ਼ਾਂ ਤਹਿਤ ਵੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਮਾਈਨਿੰਗ ਵਿਭਾਗ ਨੇ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮਾਲ ਵਿਭਾਗ ਦੀ ਨਿਸ਼ਾਨਦੇਹੀ ਰਿਪੋਰਟ ਅਤੇ ਪੁਲਿਸ ਜਾਂਚ ਦੇ ਆਧਾਰ 'ਤੇ ਦੋਸ਼ੀਆਂ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande