
ਪਟਿਆਲਾ, 29 ਜੁਲਾਈ (ਹਿੰ.ਸ.)| ਪਟਿਆਲਾ ਵਿੱਚ ਮੰਗਲਵਾਰ ਦੇਰ ਰਾਤ ਕਰਵਾਏ ਗਏ 'ਇੱਕ ਸ਼ਾਮ ਸ਼ਿਵ ਕੇ ਨਾਮ' ਸਮਾਗਮ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਵੰਡਪਾਊ ਤਾਕਤਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੀਆਂ, ਕਿਉਂਕਿ ਇੱਥੋਂ ਦੇ ਲੋਕ ਹਰ ਧਰਮ ਅਤੇ ਹਰ ਤਿਉਹਾਰ ਨੂੰ ਮਿਲ-ਜੁਲ ਕੇ ਮਨਾਉਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸ਼ਾਂਤੀ, ਭਾਈਚਾਰਕ ਸਾਂਝ ਅਤੇ ਕੌਮੀ ਏਕਤਾ ਨੂੰ ਹਰ ਹਾਲ ਵਿੱਚ ਕਾਇਮ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹੀ ਪਵਿੱਤਰ ਧਰਤੀ ਹੈ, ਜਿੱਥੇ ਨਫ਼ਰਤ ਦੇ ਬੀਜ ਤੋਂ ਇਲਾਵਾ ਹਰ ਬੀਜ ਪੁੰਗਰ ਸਕਦਾ ਹੈ। ਸੂਬੇ ਦੇ ਲੋਕ ਆਪਸੀ ਪਿਆਰ, ਸਦਭਾਵਨਾ ਅਤੇ ਸਤਿਕਾਰ ਨਾਲ ਰਹਿੰਦੇ ਹਨ, ਜੋ ਪੰਜਾਬ ਦੀ ਅਸਲ ਪਹਿਚਾਣ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਇਹ ਸਮਾਗਮ ਭਗਵਾਨ ਸ਼ਿਵ ਨੂੰ ਸਮਰਪਿਤ ਸੀ, ਪਰ ਇਸ ਵਿੱਚ ਹਰ ਧਰਮ ਦੇ ਲੋਕਾਂ ਦੀ ਸ਼ਮੂਲੀਅਤ ਨੇ ਪੰਜਾਬ ਦੀ ਏਕਤਾ ਅਤੇ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰ ਧਰਮ ਦਾ ਬਰਾਬਰ ਸਤਿਕਾਰ ਕਰਦੀ ਹੈ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਦਿਨ-ਰਾਤ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 19 ਟੋਲ ਪਲਾਜ਼ੇ ਬੰਦ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ, 68 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਯੋਗ ਔਰਤਾਂ ਨੂੰ ਹਰ ਮਹੀਨੇ ਸਿੱਧੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੀਆਂ ਲਗਪਗ 97 ਫੀਸਦੀ ਔਰਤਾਂ ਇਸ ਯੋਜਨਾ ਦਾ ਲਾਭ ਲੈ ਰਹੀਆਂ ਹਨ ਅਤੇ ਸੂਬਾ ਸਰਕਾਰ ਨੇ ਇਸ ਲਈ ਬਜਟ ਵਿੱਚ 9,300 ਕਰੋੜ ਰੁਪਏ ਰੱਖੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH