
ਆਬਕਾਰੀ ਵਿਭਾਗ ਤੇ ਪੁਲਿਸ ਦੀ ਸਾਂਝੀ ਛਾਪੇਮਾਰੀ ਦੌਰਾਨ 270 ਲੀਟਰ ਨਾਜਾਇਜ਼ ਸ਼ਰਾਬ ਅਤੇ ਸ਼ਰਾਬ ਬਣਾਉਣ ਵਾਲਾ ਸਾਮਾਨ ਬਰਾਮਦ, ਦੋ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜਕਪੂਰਥਲਾ, 29 ਜੁਲਾਈ (ਹਿੰ.ਸ.)| ਕਪੂਰਥਲਾ ਜ਼ਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਆਬਕਾਰੀ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਪਿੰਡ ਨਵਾਂ ਪਿੰਡ ਭੱਠੇ ਵਿੱਚ ਵੱਡੀ ਕਾਰਵਾਈ ਕਰਦਿਆਂ ਇੱਕ ਗੈਰ-ਕਾਨੂੰਨੀ ਸ਼ਰਾਬ ਨਿਰਮਾਣ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।ਛਾਪੇਮਾਰੀ ਦੌਰਾਨ ਇੱਕ ਮਕਾਨ ਦੇ ਬੈੱਡਰੂਮ ਅਤੇ ਬਾਥਰੂਮ ਵਿਚਕਾਰ ਬਣੇ ਕੰਕਰੀਟ ਦੇ ਫਰਸ਼ ਹੇਠਾਂ ਕਰੀਬ 1000 ਲੀਟਰ ਸਮਰੱਥਾ ਵਾਲਾ ਅੰਡਰਗਰਾਊਂਡ ਟੈਂਕ ਬਰਾਮਦ ਕੀਤਾ ਗਿਆ। ਇਸ ਦੇ ਨਾਲ ਸ਼ਰਾਬ ਤਿਆਰ ਕਰਨ ਲਈ ਵਰਤੀ ਜਾਂਦੀ ਪਾਈਪਲਾਈਨ, ਟੁੱਲੂ ਪੰਪ ਅਤੇ 270 ਲੀਟਰ ਨਾਜਾਇਜ਼ ਸ਼ਰਾਬ ਸਮੇਤ ਹੋਰ ਸਾਜ਼ੋ-ਸਾਮਾਨ ਵੀ ਜ਼ਬਤ ਕੀਤਾ ਗਿਆ।ਜ਼ਿਲ੍ਹਾ ਆਬਕਾਰੀ ਅਧਿਕਾਰੀ ਸੁਖਜੀਤ ਸਿੰਘ ਚਹਿਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ ਰਣਜੀਤ ਸਿੰਘ ਅਤੇ ਸਹਾਇਕ ਕਮਿਸ਼ਨਰ (ਆਬਕਾਰੀ) ਕਪੂਰਥਲਾ ਰੇਂਜ ਨਵਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਕਾਫ਼ੀ ਸਮੇਂ ਤੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਸੀ, ਜਿਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚ ਰਿਹਾ ਸੀ। ਵਿਭਾਗ ਨੇ ਕਿਹਾ ਕਿ ਇਸ ਤਰ੍ਹਾਂ ਦਾ ਗੈਰ-ਕਾਨੂੰਨੀ ਕਾਰੋਬਾਰ ਨਾ ਸਿਰਫ਼ ਸਰਕਾਰੀ ਮਾਲੀਏ ਦੀ ਚੋਰੀ ਹੈ, ਸਗੋਂ ਲੋਕਾਂ ਦੀ ਸਿਹਤ ਲਈ ਵੀ ਗੰਭੀਰ ਖ਼ਤਰਾ ਬਣ ਸਕਦਾ ਹੈ।ਇਸ ਮਾਮਲੇ ਵਿੱਚ ਸੁਖਜੀਤ ਸਿੰਘ ਉਰਫ਼ ਜੀਤੀ ਅਤੇ ਅਜੀਤ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਆਬਕਾਰੀ ਵਿਭਾਗ ਮੁਤਾਬਕ ਇਸ ਕਾਰਵਾਈ ਵਿੱਚ ਆਬਕਾਰੀ ਇੰਸਪੈਕਟਰ ਸਿਮਰਨਪ੍ਰੀਤ ਸਿੰਘ (ਕਪੂਰਥਲਾ ਸਰਕਲ), ਜਤਿੰਦਰਪਾਲ ਸਿੰਘ (ਭੁਲੱਥ ਸਰਕਲ), ਸਿਮਰਨਪ੍ਰੀਤ ਸਿੰਘ (ਫਗਵਾੜਾ ਵੈਸਟ ਸਰਕਲ), ਆਬਕਾਰੀ ਪੁਲਿਸ ਅਤੇ ਸਥਾਨਕ ਪੁਲਿਸ ਦੀਆਂ ਟੀਮਾਂ ਨੇ ਅਹਿਮ ਭੂਮਿਕਾ ਨਿਭਾਈ। ਵਿਭਾਗ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।
ਹਿੰਦੂਸਥਾਨ ਸਮਾਚਾਰ / GURSHARAN SINGH