ਟੈਕਸ ਚੋਰੀ ਖ਼ਿਲਾਫ਼ ਵੱਡੀ ਕਾਰਵਾਈ, ਬਕਾਇਆ ਆਬਕਾਰੀ ਮਾਲੀਆ ਨਾ ਭਰਨ ਵਾਲਾ ਲਾਇਸੰਸੀ ਗ੍ਰਿਫ਼ਤਾਰ
ਅੰਮ੍ਰਿਤਸਰ, 29 ਜੁਲਾਈ (ਹਿੰ.ਸ.)| ਆਬਕਾਰੀ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਬਕਾਇਆ ਆਬਕਾਰੀ ਮਾਲੀਆ ਨਾ ਭਰਨ ਵਾਲੇ ਇੱਕ ਡਿਫਾਲਟਰ ਲਾਇਸੰਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਹਿਨੁਮਾਈ, ਵਧੀਕ ਮੁੱਖ ਸਕੱਤਰ (ਆਬਕਾਰੀ) ਡੀ. ਕੇ. ਤਿਵਾੜੀ, ਆਬਕਾਰੀ ਕਮਿਸ਼ਨਰ ਜਤਿੰਦ
ਟੈਕਸ ਚੋਰੀ ਖ਼ਿਲਾਫ਼ ਵੱਡੀ ਕਾਰਵਾਈ, ਬਕਾਇਆ ਆਬਕਾਰੀ ਮਾਲੀਆ ਨਾ ਭਰਨ ਵਾਲਾ ਲਾਇਸੰਸੀ ਗ੍ਰਿਫ਼ਤਾਰ


ਅੰਮ੍ਰਿਤਸਰ, 29 ਜੁਲਾਈ (ਹਿੰ.ਸ.)| ਆਬਕਾਰੀ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਬਕਾਇਆ ਆਬਕਾਰੀ ਮਾਲੀਆ ਨਾ ਭਰਨ ਵਾਲੇ ਇੱਕ ਡਿਫਾਲਟਰ ਲਾਇਸੰਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਹਿਨੁਮਾਈ, ਵਧੀਕ ਮੁੱਖ ਸਕੱਤਰ (ਆਬਕਾਰੀ) ਡੀ. ਕੇ. ਤਿਵਾੜੀ, ਆਬਕਾਰੀ ਕਮਿਸ਼ਨਰ ਜਤਿੰਦਰਾ ਜੋਰਵਾਲ ਅਤੇ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜੋਨ ਰਣਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਬਕਾਰੀ ਰੇਂਜ ਅੰਮ੍ਰਿਤਸਰ ਦੀ ਟੀਮ ਨੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ।

ਸਹਾਇਕ ਕਮਿਸ਼ਨਰ (ਆਬਕਾਰੀ) ਡੀ. ਐਸ. ਚੀਮਾ ਨੇ ਦੱਸਿਆ ਕਿ ਡਿਫਾਲਟਰ ਲਾਇਸੰਸੀ ਰਾਕੇਸ਼ ਕੁਮਾਰ ਉਰਫ਼ ਰਾਕੇਸ਼ ਭਨੋਟ, ਵਾਸੀ ਪਿੰਡ ਰੂਪੋਵਾਲੀ ਬ੍ਰਾਹਮਣਾਂ (ਸਿਆਲਕਾ), ਜ਼ਿਲ੍ਹਾ ਅੰਮ੍ਰਿਤਸਰ ਨੂੰ ਪੰਜਾਬ ਲੈਂਡ ਰੈਵਨਿਊ ਐਕਟ, 1887 ਦੀ ਧਾਰਾ 69(1) ਤਹਿਤ 28 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੀ ਅਗਵਾਈ ਆਬਕਾਰੀ ਅਫ਼ਸਰ ਇੰਦਰਜੀਤ ਸਿੰਘ ਸਹਿਜਰਾ ਅਤੇ ਲਲਿਤ ਕੁਮਾਰ ਨੇ ਕੀਤੀ, ਜਦਕਿ ਆਬਕਾਰੀ ਨਿਰੀਖਕ ਕਰਨ ਸ਼ਰਮਾ, ਰਾਮ ਮੂਰਤੀ, ਹਿਤੇਸ਼ ਪ੍ਰਭਾਕਰ ਸਮੇਤ ਹੋਰ ਅਧਿਕਾਰੀਆਂ ਨੇ ਵੀ ਇਸ ਮੁਹਿੰਮ ਵਿੱਚ ਹਿੱਸਾ ਲਿਆ।

ਡੀ. ਐਸ. ਚੀਮਾ ਨੇ ਕਿਹਾ ਕਿ ਆਬਕਾਰੀ ਵਿਭਾਗ ਪੁਰਾਣੇ ਬਕਾਇਆ ਆਬਕਾਰੀ ਮਾਲੀਏ ਦੀ ਵਸੂਲੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਰਕਾਰੀ ਮਾਲੀਏ ਦੀ ਰਿਕਵਰੀ ਲਈ ਲਗਾਤਾਰ ਸਖ਼ਤ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਬਕਾਇਆ ਰਕਮ ਵਾਲੇ ਸਾਰੇ ਲਾਇਸੰਸੀਆਂ ਨੂੰ ਤੁਰੰਤ ਸਰਕਾਰੀ ਖ਼ਜ਼ਾਨੇ ਵਿੱਚ ਮਾਲੀਆ ਜਮ੍ਹਾਂ ਕਰਵਾਉਣ ਦੀ ਅਪੀਲ ਕਰਦਿਆਂ ਚੇਤਾਵਨੀ ਦਿੱਤੀ ਕਿ ਅਣਗਹਿਲੀ ਕਰਨ ਵਾਲਿਆਂ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਗ੍ਰਿਫ਼ਤਾਰੀਆਂ ਅਤੇ ਐੱਫਆਈਆਰ ਵਰਗੀਆਂ ਹੋਰ ਸਖ਼ਤ ਕਾਰਵਾਈਆਂ ਕੀਤੀਆਂ ਜਾਣਗੀਆਂ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande