
ਮੋਹਾਲੀ, 29 ਜੁਲਾਈ (ਹਿੰ.ਸ.)| ਜ਼ੀਰਕਪੁਰ ਵਿੱਚ ਛੇ ਸਾਲ ਪਹਿਲਾਂ ਕਾਰ ਓਵਰਟੇਕ ਕਰਨ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਕੁਲਦੀਪ ਸਿੰਘ ਦੀ ਕੁੱਟਮਾਰ ਕਰਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਮੋਹਾਲੀ ਜ਼ਿਲ੍ਹਾ ਅਦਾਲਤ ਨੇ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਪਰਵਿੰਦਰ ਸਿੰਘ (ਸਾਰੇ ਵਾਸੀ ਪਿੰਡ ਸਨੌਲੀ, ਜ਼ੀਰਕਪੁਰ) ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ, ਜਦਕਿ ਚੌਥੇ ਮੁਲਜ਼ਮ ਮਨਿੰਦਰ ਸਿੰਘ ਉਰਫ਼ ਮਿੰਟੂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ।
ਇਹ ਘਟਨਾ 30 ਜੂਨ 2019 ਦੀ ਹੈ, ਜਦੋਂ ਪਵਨ ਸਰੋਹਾ ਆਪਣੇ ਦੋਸਤਾਂ ਕੁਲਦੀਪ ਸਿੰਘ ਅਤੇ ਨਿਪੁਣ ਜੈਨ ਨਾਲ ਪੰਚਕੂਲਾ ਤੋਂ ਜ਼ੀਰਕਪੁਰ ਵੱਲ ਜਾ ਰਿਹਾ ਸੀ। ਸਨੌਲੀ ਲਿੰਕ ਰੋਡ 'ਤੇ ਕਾਰ ਓਵਰਟੇਕ ਕਰਨ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਦੋਸ਼ੀਆਂ ਨੇ ਆਪਣੀ ਕਾਰ ਅੱਗੇ ਲਗਾ ਕੇ ਸਕੋਡਾ ਕਾਰ ਰੁਕਵਾ ਲਈ ਅਤੇ ਕੁਲਦੀਪ ਸਿੰਘ 'ਤੇ ਲੱਤਾਂ-ਮੁੱਕਿਆਂ ਨਾਲ ਹਮਲਾ ਕਰ ਦਿੱਤਾ। ਵਿਚਕਾਰ ਪਏ ਪਵਨ ਅਤੇ ਨਿਪੁਣ ਨਾਲ ਵੀ ਕੁੱਟਮਾਰ ਕੀਤੀ ਗਈ।
ਹਮਲੇ ਤੋਂ ਬਾਅਦ ਕੁਲਦੀਪ ਸਿੰਘ ਬੇਹੋਸ਼ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਉਸ ਦੀਆਂ ਛੇ ਪੱਸਲੀਆਂ ਟੁੱਟੀਆਂ ਹੋਈਆਂ ਸਨ ਅਤੇ ਲੀਵਰ ਤੇ ਤਿੱਲੀ ਫਟਣ ਕਾਰਨ ਪੇਟ ਅੰਦਰ ਬਹੁਤ ਜ਼ਿਆਦਾ ਖੂਨ ਵਹਿਣ ਨਾਲ ਉਸ ਦੀ ਮੌਤ ਹੋਈ।
ਸੁਣਵਾਈ ਦੌਰਾਨ ਦੋਸ਼ੀਆਂ ਨੇ ਐਫਆਈਆਰ ਵਿੱਚ ਦੇਰੀ, ਸੀਸੀਟੀਵੀ ਫੁਟੇਜ ਨਾ ਹੋਣ ਅਤੇ ਮ੍ਰਿਤਕ ਦੀ ਪਹਿਲਾਂ ਤੋਂ ਬਿਮਾਰੀ ਵਰਗੀਆਂ ਦਲੀਲਾਂ ਦਿੱਤੀਆਂ। ਹਾਲਾਂਕਿ ਅਦਾਲਤ ਨੇ ਕਿਹਾ ਕਿ ਚਸ਼ਮਦੀਦ ਗਵਾਹਾਂ ਦੇ ਬਿਆਨ ਅਤੇ ਮੈਡੀਕਲ ਸਬੂਤ ਇੱਕ-ਦੂਜੇ ਦੀ ਪੁਸ਼ਟੀ ਕਰਦੇ ਹਨ, ਜਿਸ ਦੇ ਆਧਾਰ 'ਤੇ ਤਿੰਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ।
ਦੂਜੇ ਪਾਸੇ, ਮਨਿੰਦਰ ਸਿੰਘ ਉਰਫ਼ ਮਿੰਟੂ ਨੂੰ ਅਦਾਲਤ ਨੇ ਬਰੀ ਕਰ ਦਿੱਤਾ। ਪੁਲਿਸ ਦੀ ਅਗਲੀ ਜਾਂਚ, ਸਾਈਬਰ ਸੈੱਲ ਦੀ ਰਿਪੋਰਟ ਅਤੇ ਮੋਬਾਈਲ ਟਾਵਰ ਲੋਕੇਸ਼ਨ ਤੋਂ ਸਾਹਮਣੇ ਆਇਆ ਕਿ ਘਟਨਾ ਸਮੇਂ ਉਹ ਮੌਕੇ 'ਤੇ ਮੌਜੂਦ ਨਹੀਂ ਸੀ। ਇਸ ਤੋਂ ਇਲਾਵਾ ਕੋਈ ਵੀ ਚਸ਼ਮਦੀਦ ਗਵਾਹ ਉਸ ਦੀ ਸ਼ਮੂਲੀਅਤ ਸਾਬਤ ਨਹੀਂ ਕਰ ਸਕਿਆ, ਜਿਸ ਕਾਰਨ ਅਦਾਲਤ ਨੇ ਉਸ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ।
ਹਿੰਦੂਸਥਾਨ ਸਮਾਚਾਰ / GURSHARAN SINGH