ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ ਦਾ ਭੇਦ ਸੁਲਝਿਆ, ਫੈਂਟਾਨਿਲ ਮਿਲੇ ਕਫ਼ ਸਿਰਪ ਨਾਲ ਗਈ ਸੀ ਜਾਨ
ਚੰਡੀਗੜ੍ਹ, 29 ਜੁਲਾਈ (ਹਿੰ.ਸ.)| ਕੈਨੇਡਾ ਦੇ ਚੈਸਟਰਮੀਅਰ ਵਿੱਚ ਰਹਿੰਦੇ ਪੰਜਾਬੀ ਨੌਜਵਾਨ ਸਾਹਿਲ ਗਰੇਵਾਲ ਦੀ ਮੌਤ ਦੇ ਮਾਮਲੇ ਵਿੱਚ ਅਲਬਰਟਾ ਆਰਸੀਐਮਪੀ ਨੇ ਪੰਜ ਸਾਲ ਲੰਬੀ ਜਾਂਚ ਤੋਂ ਬਾਅਦ ਵੱਡਾ ਖੁਲਾਸਾ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ 18 ਸਾਲਾ ਸਾਹਿਲ ਦੀ ਮੌਤ ਫੈਂਟਾਨਿਲ ਮਿਲੇ ਕਫ਼ ਸਿਰਪ ਦਾ
ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ ਦਾ ਭੇਦ ਸੁਲਝਿਆ, ਫੈਂਟਾਨਿਲ ਮਿਲੇ ਕਫ਼ ਸਿਰਪ ਨਾਲ ਗਈ ਸੀ ਜਾਨ


ਚੰਡੀਗੜ੍ਹ, 29 ਜੁਲਾਈ (ਹਿੰ.ਸ.)| ਕੈਨੇਡਾ ਦੇ ਚੈਸਟਰਮੀਅਰ ਵਿੱਚ ਰਹਿੰਦੇ ਪੰਜਾਬੀ ਨੌਜਵਾਨ ਸਾਹਿਲ ਗਰੇਵਾਲ ਦੀ ਮੌਤ ਦੇ ਮਾਮਲੇ ਵਿੱਚ ਅਲਬਰਟਾ ਆਰਸੀਐਮਪੀ ਨੇ ਪੰਜ ਸਾਲ ਲੰਬੀ ਜਾਂਚ ਤੋਂ ਬਾਅਦ ਵੱਡਾ ਖੁਲਾਸਾ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ 18 ਸਾਲਾ ਸਾਹਿਲ ਦੀ ਮੌਤ ਫੈਂਟਾਨਿਲ ਮਿਲੇ ਕਫ਼ ਸਿਰਪ ਦਾ ਸੇਵਨ ਕਰਨ ਕਾਰਨ ਹੋਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਫਰਸਟ-ਡਿਗਰੀ ਮਰਡਰ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਹੇਠ ਕੇਸ ਦਰਜ ਕੀਤੇ ਹਨ।

ਪੁਲਿਸ ਮੁਤਾਬਕ 3 ਅਪ੍ਰੈਲ 2020 ਨੂੰ ਸਾਹਿਲ ਗਰੇਵਾਲ ਨੇ ਅਣਜਾਣੇ ਵਿੱਚ ਫੈਂਟਾਨਿਲ ਮਿਲਿਆ ਕਫ਼ ਸਿਰਪ ਪੀ ਲਿਆ ਸੀ। ਉਸ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਹਸਪਤਾਲ ਵਿੱਚ ਤਿੰਨ ਦਿਨ ਜ਼ਿੰਦਗੀ ਅਤੇ ਮੌਤ ਨਾਲ ਜੂਝਣ ਤੋਂ ਬਾਅਦ 6 ਅਪ੍ਰੈਲ 2020 ਨੂੰ ਉਸ ਦੀ ਮੌਤ ਹੋ ਗਈ।

ਮਾਮਲੇ ਦੀ ਜਾਂਚ ਦੌਰਾਨ ਆਰਸੀਐਮਪੀ ਦੀ ਮੇਜਰ ਕਰਾਈਮ ਯੂਨਿਟ ਨੇ ਸ਼ੱਕ ਜਤਾਇਆ ਕਿ ਇਹ ਸਿਰਫ਼ ਹਾਦਸਾ ਨਹੀਂ, ਸਗੋਂ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ। ਲੰਬੀ ਜਾਂਚ ਤੋਂ ਬਾਅਦ ਜੁਲਾਈ 2025 ਵਿੱਚ ਮੁੱਖ ਮੁਲਜ਼ਮ ਮੋਹਿਤ ਸੰਧੂ ਖ਼ਿਲਾਫ਼ ਫਰਸਟ-ਡਿਗਰੀ ਮਰਡਰ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਫੈਂਟਾਨਿਲ ਮਿਲਿਆ ਕਫ਼ ਸਿਰਪ ਅਸਲ ਵਿੱਚ ਕੈਲਗਰੀ ਦੇ ਵਸਨੀਕ ਜਸਕਰਨ ਸਿੱਧੂ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤਾ ਗਿਆ ਸੀ। ਹਾਲਾਂਕਿ ਜਸਕਰਨ ਨੇ ਇਸ ਦਾ ਸੇਵਨ ਨਹੀਂ ਕੀਤਾ, ਪਰ ਗਲਤੀ ਨਾਲ ਸਾਹਿਲ ਨੇ ਇਹ ਸਿਰਪ ਪੀ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਜਾਂਚ ਅੱਗੇ ਵਧਣ 'ਤੇ ਜੁਲਾਈ 2026 ਵਿੱਚ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ। ਐਡਮੰਟਨ ਦੇ ਰਹਿਣ ਵਾਲੇ 24 ਸਾਲਾ ਹਰਮਨਜੋਤ ਚੰਬੜ ਨੂੰ 22 ਜੁਲਾਈ ਅਤੇ ਰੌਕੀ ਵਿਊ ਕਾਊਂਟੀ ਦੇ 33 ਸਾਲਾ ਦਲਵੀਰ ਸਿੱਧੂ ਨੂੰ 24 ਜੁਲਾਈ ਨੂੰ ਹਿਰਾਸਤ ਵਿੱਚ ਲਿਆ ਗਿਆ।

ਪੁਲਿਸ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਫਰਸਟ-ਡਿਗਰੀ ਮਰਡਰ ਅਤੇ ਅਟੈਂਪਟਡ ਮਰਡਰ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ। ਹੁਣ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਹੋਵੇਗੀ, ਜਿੱਥੇ ਸਾਰੇ ਦੋਸ਼ਾਂ ਦੀ ਨਿਆਂਇਕ ਜਾਂਚ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande