
ਅਬੋਹਰ, 29 ਜੁਲਾਈ (ਹਿੰ.ਸ.)| ਅਬੋਹਰ ਦੇ ਕਈ ਪ੍ਰਮੁੱਖ ਨਿੱਜੀ ਸਕੂਲਾਂ ਨੂੰ ਮੰਗਲਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲਣ ਨਾਲ ਹੜਕੰਪ ਮਚ ਗਿਆ। ਧਮਕੀ ਮਿਲਣ ਤੋਂ ਬਾਅਦ ਅਸੰਪਸ਼ਨ ਕਾਨਵੈਂਟ ਸਕੂਲ, ਡੀਏਵੀ ਸਕੂਲ ਸਮੇਤ ਹੋਰ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਦਿੱਤਾ ਗਿਆ। ਪੁਲਿਸ ਅਤੇ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਧਮਕੀ ਭਰੀ ਈ-ਮੇਲ ਸਵੇਰੇ ਕਰੀਬ 8:51 ਵਜੇ ਪ੍ਰਾਪਤ ਹੋਈ, ਜਿਸ ਵਿੱਚ ਦੁਪਹਿਰ 1:30 ਵਜੇ ਬੰਬ ਧਮਾਕੇ ਦੀ ਗੱਲ ਕਹੀ ਗਈ ਸੀ। ਸੂਚਨਾ ਮਿਲਦੇ ਹੀ ਸਕੂਲ ਪ੍ਰਬੰਧਕਾਂ ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀਆਂ ਨੂੰ ਤੁਰੰਤ ਸਕੂਲਾਂ ਤੋਂ ਬਾਹਰ ਕੱਢ ਦਿੱਤਾ ਅਤੇ ਛੁੱਟੀ ਦਾ ਐਲਾਨ ਕਰ ਦਿੱਤਾ। ਇਸ ਸਬੰਧੀ ਮਾਪਿਆਂ ਨੂੰ ਵੀ ਸੂਚਿਤ ਕੀਤਾ ਗਿਆ।
ਰਿਕੋਗਨਾਈਜ਼ਡ ਐਂਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਆਮ ਲਾਲ ਅਰੋੜਾ ਨੇ ਦੱਸਿਆ ਕਿ ਧਮਕੀ ਭਰੀ ਈ-ਮੇਲ ਵਿੱਚ ਅਸੰਪਸ਼ਨ ਕਾਨਵੈਂਟ ਸਕੂਲ ਸਮੇਤ ਕਈ ਨਿੱਜੀ ਸਕੂਲਾਂ ਦੇ ਨਾਮ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਪਹਿਲ ਦੇਂਦੇ ਹੋਏ ਸਾਰੇ ਪ੍ਰਭਾਵਿਤ ਸਕੂਲਾਂ ਨੂੰ ਖਾਲੀ ਕਰਵਾਇਆ ਗਿਆ ਹੈ। ਡੀਏਵੀ ਸਕੂਲ ਦੀ ਪ੍ਰਿੰਸੀਪਲ ਸਮਿਤਾ ਸ਼ਰਮਾ ਨੇ ਦੱਸਿਆ ਕਿ ਈ-ਮੇਲ ਮਿਲਣ ਤੋਂ ਤੁਰੰਤ ਬਾਅਦ ਸਕੂਲ ਪ੍ਰਬੰਧਨ ਨੇ ਸਿਟੀ-2 ਪੁਲਿਸ ਅਤੇ ਐਸਡੀਐਮ ਨੂੰ ਸੂਚਿਤ ਕੀਤਾ। ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਸਕੂਲ ਵਿੱਚ ਛੁੱਟੀ ਕਰ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਧਮਕੀ ਭਰੀ ਈ-ਮੇਲ ਦੇ ਸਰੋਤ ਦਾ ਪਤਾ ਲਗਾਇਆ ਜਾ ਰਿਹਾ ਹੈ। ਨਾਲ ਹੀ ਸਾਰੇ ਸੰਬੰਧਿਤ ਸਕੂਲਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH