ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ
ਪਾਤੜਾਂ, 30 ਜੁਲਾਈ (ਹਿੰ.ਸ.)| ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸ਼ੁਤਰਾਣਾ ਹਲਕੇ ਦੇ ਪਿੰਡ ਬੂਟਾ ਸਿੰਘ ਵਾਲਾ ਅਤੇ ਬਾਦਸ਼ਾਹਪੁਰ ਵਿਖੇ ਨਹਿਰੀ ਪਾਣੀ ਸਿੰਚਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੀ ਮੌਜੂ
ਉਦਘਾਟਨ ਕਰਦੇ ਹੋਏ  ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ।


ਪਾਤੜਾਂ, 30 ਜੁਲਾਈ (ਹਿੰ.ਸ.)| ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸ਼ੁਤਰਾਣਾ ਹਲਕੇ ਦੇ ਪਿੰਡ ਬੂਟਾ ਸਿੰਘ ਵਾਲਾ ਅਤੇ ਬਾਦਸ਼ਾਹਪੁਰ ਵਿਖੇ ਨਹਿਰੀ ਪਾਣੀ ਸਿੰਚਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੀ ਮੌਜੂਦ ਰਹੇ।

ਜਲ ਸਰੋਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਸਹੂਲਤ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਸ਼ੁਤਰਾਣਾ ਹਲਕੇ ਵਿੱਚ 80.35 ਕਰੋੜ ਰੁਪਏ ਦੀ ਲਾਗਤ ਨਾਲ 137.13 ਕਿਲੋਮੀਟਰ ਨਹਿਰਾਂ, ਰਜਬਾਹਿਆਂ ਅਤੇ ਸਬ-ਮਾਈਨਰਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਨਾਲ 56 ਪਿੰਡਾਂ ਦੀ ਕਰੀਬ 68,500 ਏਕੜ ਜ਼ਮੀਨ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ।

ਬਰਿੰਦਰ ਗੋਇਲ ਨੇ ਦੱਸਿਆ ਕਿ ਪ੍ਰਾਜੈਕਟ ਤਹਿਤ 2 ਨਹਿਰਾਂ ਅਤੇ 14 ਕੁੱਲ ਮਾਈਨਰ ਤੇ ਸਬ-ਮਾਈਨਰਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 53.9 ਕਿਲੋਮੀਟਰ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ, ਜਿਨ੍ਹਾਂ 'ਤੇ 8.89 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਨ੍ਹਾਂ ਪਾਈਪਲਾਈਨਾਂ ਰਾਹੀਂ 18 ਪਿੰਡਾਂ ਦੀ ਲਗਭਗ 9,302 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ।

ਇਸ ਦੌਰਾਨ ਮੰਤਰੀ ਨੇ ਬਾਦਸ਼ਾਹਪੁਰ ਵਿਖੇ ਘੱਗਰ ਬੰਨ੍ਹ ਮਜ਼ਬੂਤੀ ਦੇ ਕੰਮ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਡਰੇਨੇਜ ਵਿਭਾਗ ਵੱਲੋਂ ਘੱਗਰ ਦੇ ਕਿਨਾਰਿਆਂ 'ਤੇ ਜਿੱਥੇ ਢਾਹ ਲੱਗਣ ਦਾ ਖ਼ਤਰਾ ਸੀ, ਉੱਥੇ 2.46 ਕਰੋੜ ਰੁਪਏ ਦੀ ਲਾਗਤ ਨਾਲ 1000 ਫੁੱਟ ਖੇਤਰ ਵਿੱਚ ਪੱਥਰ ਅਤੇ ਜਾਲੀ ਲਗਾ ਕੇ ਬੰਨ੍ਹ ਮਜ਼ਬੂਤ ਕੀਤਾ ਗਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਸਾਲ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ ਕੰਮ ਪਿਛਲੇ 50 ਸਾਲਾਂ ਵਿੱਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਕਾਰਨ ਪਿਛਲੇ ਸਾਲ ਘੱਗਰ ਵਿੱਚ ਪਾਣੀ ਦਾ ਪੱਧਰ ਵਧਣ ਦੇ ਬਾਵਜੂਦ ਕਿਸੇ ਵੀ ਥਾਂ ਬੰਨ੍ਹ ਨਹੀਂ ਟੁੱਟਿਆ।

ਉਨ੍ਹਾਂ ਕਿਹਾ ਕਿ ਬਾਦਸ਼ਾਹਪੁਰ ਵਿਖੇ ਵੀ ਖਨੌਰੀ ਦੀ ਤਰ੍ਹਾਂ ਗੇਜ ਲਗਾਈ ਜਾਵੇਗੀ ਅਤੇ ਹੜ੍ਹਾਂ ਤੋਂ ਬਚਾਅ ਲਈ ਜ਼ਿਆਦਾਤਰ ਕੰਮ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਲੋਕਾਂ, ਕਾਰ ਸੇਵਾ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।

ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਜਲ ਸਰੋਤ ਮੰਤਰੀ ਵੱਲੋਂ ਸ਼ੁਤਰਾਣਾ ਹਲਕੇ ਵਿੱਚ ਇਹ ਤੀਜੀ ਵਾਰ ਪ੍ਰਾਜੈਕਟਾਂ ਦੇ ਉਦਘਾਟਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੰਜਾਬ ਸਰਕਾਰ ਨੇ ਪੂਰਾ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਘੱਗਰ ਤੋਂ ਪਾਰਲੇ ਪਿੰਡਾਂ ਤੱਕ ਵੀ ਇਹ ਸਹੂਲਤ ਪਹੁੰਚਾਈ ਜਾਵੇਗੀ। ਇਨ੍ਹਾਂ ਪ੍ਰਾਜੈਕਟਾਂ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਖੇਤੀਬਾੜੀ ਖੇਤਰ ਹੋਰ ਮਜ਼ਬੂਤ ਹੋਵੇਗਾ।

ਇਸ ਮੌਕੇ ਸਾਬਕਾ ਵਿਧਾਇਕ ਵਨਿੰਦਰ ਕੌਰ ਲੂੰਬਾ, ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਘਈ, ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗੁਨਦੀਪ ਸਿੰਘ, ਆਕਾਸ਼ ਅਗਰਵਾਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ, ਇਲਾਕਾ ਨਿਵਾਸੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande