
ਫਰੀਦਕੋਟ, 30 ਜੁਲਾਈ (ਹਿੰ.ਸ.)| ਫਰੀਦਕੋਟ ਦੇ ਥਾਣਾ ਸਦਰ ਪੁਲਿਸ ਨੇ ਕਾਰਵਾਈ ਕਰਦਿਆਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਪੰਜ ਮੈਂਬਰੀ ਗਿਰੋਹ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕਈ ਘਾਤਕ ਹਥਿਆਰ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਲਖਬੀਰ ਸਿੰਘ ਉਰਫ਼ ਗੱਗੂ, ਰਣਜੀਤ ਸਿੰਘ ਉਰਫ਼ ਗੋਖੀ, ਜਸਵੀਰ ਸਿੰਘ ਉਰਫ਼ ਜੱਸਾ (ਤਿੰਨੇ ਵਾਸੀ ਪਿੰਡ ਭਾਗਥਲਾ ਕਲਾਂ), ਆਕਾਸ਼ਦੀਪ ਸਿੰਘ ਉਰਫ਼ ਦੀਪ (ਵਾਸੀ ਭਾਗਥਲਾ ਖੁਰਦ) ਅਤੇ ਚਰਨਦਾਸ ਉਰਫ਼ ਮੋਨੂ (ਵਾਸੀ ਮਚਾਕੀ ਕਲਾਂ) ਵਜੋਂ ਹੋਈ ਹੈ। ਪੁਲਿਸ ਅਨੁਸਾਰ ਕੁਝ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਐੱਸ.ਐੱਸ.ਪੀ. ਗੁਰਬੰਸ ਸਿੰਘ ਬੈਂਸ ਦੇ ਨਿਰਦੇਸ਼ਾਂ ਹੇਠ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਥਾਣਾ ਸਦਰ ਦੇ ਏ.ਐੱਸ.ਆਈ. ਰਾਜ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਇਲਾਕੇ ਵਿੱਚ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਜਦੋਂ ਟੀਮ ਪਿੰਡ ਰਾਜੋਵਾਲ ਨੇੜੇ ਮੌਜੂਦ ਸੀ ਤਾਂ ਗੁਪਤ ਸੂਚਨਾ ਮਿਲੀ ਕਿ ਕੁਝ ਵਿਅਕਤੀ ਫਿਰੋਜ਼ਪੁਰ ਰੋਡ ਤੋਂ ਪਿੰਡ ਹਰਦਿਆਲੇਆਣਾ ਨੂੰ ਜਾਂਦੇ ਲਿੰਕ ਰੋਡ 'ਤੇ ਇੱਕ ਸੁੰਨਸਾਨ ਥਾਂ 'ਤੇ ਇਕੱਠੇ ਹੋ ਕੇ ਰਾਹਗੀਰਾਂ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ।
ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਮੌਕੇ 'ਤੇ ਛਾਪਾ ਮਾਰ ਕੇ ਪੰਜੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਕਾਪਾ, ਇੱਕ ਖੰਡਾ, ਇੱਕ ਗੰਡਾਸੀ ਅਤੇ ਗਰਾਰੀ ਲੱਗੀ ਲੋਹੇ ਦੀ ਪਾਈਪ ਸਮੇਤ ਹੋਰ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ।
ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਰਣਜੀਤ ਸਿੰਘ ਉਰਫ਼ ਗੋਖੀ ਖ਼ਿਲਾਫ਼ ਪਹਿਲਾਂ ਵੀ ਤਿੰਨ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਸਖ਼ਤੀ ਨਾਲ ਪੁੱਛਗਿੱਛ ਕਰਕੇ ਇਲਾਕੇ ਵਿੱਚ ਹਾਲ ਹੀ ਵਿੱਚ ਹੋਈਆਂ ਲੁੱਟ-ਖੋਹ ਅਤੇ ਚੋਰੀ ਦੀਆਂ ਹੋਰ ਵਾਰਦਾਤਾਂ ਬਾਰੇ ਵੀ ਅਹਿਮ ਖੁਲਾਸੇ ਕੀਤੇ ਜਾ ਸਕਣ। ਪੁਲਿਸ ਦਾ ਕਹਿਣਾ ਹੈ ਕਿ ਅਪਰਾਧਿਕ ਗਤੀਵਿਧੀਆਂ 'ਤੇ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਕਾਨੂੰਨ-ਵਿਵਸਥਾ ਨੂੰ ਭੰਗ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH