
ਚੰਡੀਗੜ੍ਹ, 30 ਜੁਲਾਈ (ਹਿੰ.ਸ.)| ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਕੀਤੀ ਗਈ ਨਵੀਂ ‘ਈਜ਼ੀ ਕਨੈਕਟ’ ਹਵਾਈ ਸੇਵਾ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਸ ਉਪਰਾਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਨਾਗਰਿਕ ਉਡਾਣ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਦਾ ਧੰਨਵਾਦ ਕੀਤਾ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ‘ਹਬ ਐਂਡ ਸਪੋਕ’ ਮਾਡਲ ਤਹਿਤ ਏਅਰ ਇੰਡੀਆ ਵੱਲੋਂ ਸ਼ੁਰੂ ਕੀਤੀ ਗਈ ਇਸ ਸੇਵਾ ਨਾਲ ਪੰਜਾਬ ਦੇ ਹਜ਼ਾਰਾਂ ਯਾਤਰੀਆਂ ਅਤੇ ਵਿਦੇਸ਼ਾਂ ਵਿੱਚ ਵੱਸਦੇ ਐਨਆਰਆਈ ਭਾਈਚਾਰੇ ਨੂੰ ਵੱਡੀ ਸਹੂਲਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਹੁਣ ਅੰਮ੍ਰਿਤਸਰ ਤੋਂ ਯਾਤਰੀ ਦਿੱਲੀ ਰਾਹੀਂ ਦੁਨੀਆ ਦੇ 27 ਪ੍ਰਮੁੱਖ ਅੰਤਰਰਾਸ਼ਟਰੀ ਸ਼ਹਿਰਾਂ ਤੱਕ ਆਸਾਨੀ ਨਾਲ ਪਹੁੰਚ ਸਕਣਗੇ। ਇਸ ਵਿੱਚ ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ, ਅਮਰੀਕਾ ਦੇ ਨਿਊਯਾਰਕ, ਸ਼ਿਕਾਗੋ ਅਤੇ ਸੈਨ ਫਰਾਂਸਿਸਕੋ, ਇੰਗਲੈਂਡ ਦੇ ਲੰਡਨ ਅਤੇ ਬਰਮਿੰਘਮ, ਆਸਟ੍ਰੇਲੀਆ ਦੇ ਮੈਲਬੌਰਨ ਅਤੇ ਸਿਡਨੀ ਸਮੇਤ ਯੂਰਪ, ਦੱਖਣ-ਪੂਰਬੀ ਏਸ਼ੀਆ ਅਤੇ ਮੱਧ ਪੂਰਬ ਦੇ ਕਈ ਦੇਸ਼ ਸ਼ਾਮਲ ਹਨ।
ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੱਖਾਂ ਲੋਕ ਵਿਦੇਸ਼ਾਂ ਵਿੱਚ ਵੱਸਦੇ ਹਨ ਅਤੇ ਆਪਣੇ ਪਰਿਵਾਰਾਂ ਨਾਲ ਉਨ੍ਹਾਂ ਦਾ ਡੂੰਘਾ ਰਿਸ਼ਤਾ ਹੈ। ਤਿਉਹਾਰਾਂ, ਵਿਆਹ ਸਮਾਗਮਾਂ ਅਤੇ ਹੋਰ ਮੌਕਿਆਂ 'ਤੇ ਉਨ੍ਹਾਂ ਦਾ ਪੰਜਾਬ ਆਉਣਾ-ਜਾਣਾ ਲਗਾਤਾਰ ਬਣਿਆ ਰਹਿੰਦਾ ਹੈ। ਪਹਿਲਾਂ ਦਿੱਲੀ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਲਾਈਨਾਂ, ਸਮਾਨ ਦੀ ਦੁਬਾਰਾ ਚੈਕਿੰਗ ਅਤੇ ਟਰਮੀਨਲ ਬਦਲਣ ਦੀ ਸਮੱਸਿਆ ਕਾਰਨ ਖਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਉਨ੍ਹਾਂ ਕਿਹਾ ਕਿ ‘ਈਜ਼ੀ ਕਨੈਕਟ’ ਸੇਵਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਯਾਤਰੀਆਂ ਦੀ ਇਮੀਗ੍ਰੇਸ਼ਨ ਅਤੇ ਚੈੱਕ-ਇਨ ਪ੍ਰਕਿਰਿਆ ਅੰਮ੍ਰਿਤਸਰ ਹਵਾਈ ਅੱਡੇ 'ਤੇ ਹੀ ਪੂਰੀ ਹੋ ਜਾਵੇਗੀ। ਦਿੱਲੀ ਪਹੁੰਚਣ ਤੋਂ ਬਾਅਦ ਯਾਤਰੀਆਂ ਨੂੰ ਨਾ ਤਾਂ ਟਰਮੀਨਲ ਬਦਲਣ ਦੀ ਲੋੜ ਹੋਵੇਗੀ ਅਤੇ ਨਾ ਹੀ ਸਮਾਨ ਮੁੜ ਚੈੱਕ ਕਰਵਾਉਣਾ ਪਵੇਗਾ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਸਹੂਲਤ ਨਾਲ ਯਾਤਰੀਆਂ ਦੇ ਸਮੇਂ ਦੀ ਬਚਤ ਹੋਵੇਗੀ ਅਤੇ ਪੰਜਾਬ ਵਿੱਚ ਟੂਰਿਜ਼ਮ, ਵਪਾਰ ਅਤੇ ਸਭਿਆਚਾਰਕ ਸਾਂਝ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿੱਚ ਲਏ ਜਾ ਰਹੇ ਫ਼ੈਸਲੇ ਸੂਬੇ ਦੇ ਵਿਕਾਸ ਲਈ ਮਹੱਤਵਪੂਰਨ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH