
ਚੰਡੀਗੜ੍ਹ, 30 ਜੁਲਾਈ (ਹਿੰ.ਸ.)| ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਕੂਲ ਮੁਖੀਆਂ ਦਾ ਸਨਮਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਮੋਹਾਲੀ ਕਲੱਬ, ਐਸ.ਏ.ਐਸ. ਨਗਰ ਵਿਖੇ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ।
ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ‘ਆਪ’ ਪੰਜਾਬ ਦੇ ਪ੍ਰਭਾਰੀ ਮਨੀਸ਼ ਸਿਸੋਦੀਆ ਨੇ 300 ਤੋਂ ਵੱਧ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਪੰਜਾਬ ਅਕਾਦਮਿਕ ਕੋਚਿੰਗ ਫਾਰ ਐਕਸੀਲੈਂਸ ਪਹਿਲਕਦਮੀ ਤਹਿਤ ਜੇਈਈ (ਮੇਨ), ਜੇਈਈ (ਐਡਵਾਂਸਡ) ਅਤੇ ਨੀਟ ਯੂਜੀ 2026 ਵਰਗੀਆਂ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਹਾਸਲ ਕੀਤੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਮੁੜ ਸਾਬਤ ਕਰ ਦਿੱਤਾ ਹੈ ਕਿ ਸਹੀ ਮਾਰਗਦਰਸ਼ਨ ਅਤੇ ਵਧੀਆ ਨੀਤੀਆਂ ਨਾਲ ਸਰਕਾਰੀ ਸਿੱਖਿਆ ਪ੍ਰਣਾਲੀ ਵੀ ਦੇਸ਼ ਦੀਆਂ ਵੱਡੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਦੇ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ 361 ਵਿਦਿਆਰਥੀਆਂ ਨੇ ਜੇਈਈ (ਮੇਨ) ਪ੍ਰੀਖਿਆ ਪਾਸ ਕੀਤੀ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 35.2 ਫੀਸਦੀ ਵਾਧਾ ਹੈ। ਇਸੇ ਤਰ੍ਹਾਂ 64 ਵਿਦਿਆਰਥੀਆਂ ਨੇ ਜੇਈਈ (ਐਡਵਾਂਸਡ) ਪਾਸ ਕਰਕੇ 45.5 ਫੀਸਦੀ ਦਾ ਵਾਧਾ ਦਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਨੀਟ ਯੂਜੀ 2026 ਵਿੱਚ ਵੀ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ। ਇਹ ਗਿਣਤੀ 2025 ਵਿੱਚ 847 ਅਤੇ 2024 ਵਿੱਚ 437 ਸੀ। ਮਹਿਜ਼ ਦੋ ਸਾਲਾਂ ਵਿੱਚ ਇਹ ਵਾਧਾ 100 ਫੀਸਦੀ ਤੋਂ ਵੀ ਜ਼ਿਆਦਾ ਹੈ, ਜੋ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਵੱਡਾ ਨਤੀਜਾ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਸਾਲ ਸਰਕਾਰੀ ਸਕੂਲਾਂ ਦੇ 10 ਵਿਦਿਆਰਥੀਆਂ ਨੇ ਆਈਆਈਟੀ, 36 ਨੇ ਐਨਆਈਟੀ ਅਤੇ 90 ਤੋਂ ਵੱਧ ਵਿਦਿਆਰਥੀਆਂ ਨੇ ਦੇਸ਼ ਦੇ ਵੱਖ-ਵੱਖ ਸਰਕਾਰੀ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖਲਾ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜੇ ਸਾਬਤ ਕਰਦੇ ਹਨ ਕਿ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚ ਆਪਣੀ ਥਾਂ ਬਣਾ ਰਹੇ ਹਨ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕਿਸੇ ਵੀ ਸਕੂਲ ਦੀ ਸਫਲਤਾ ਵਿੱਚ ਪ੍ਰਿੰਸੀਪਲ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ। ਉਨ੍ਹਾਂ ਕਿਹਾ, “ਇੱਕ ਚੰਗਾ ਪ੍ਰਿੰਸੀਪਲ ਖੰਡਰ ਬਣੇ ਸਕੂਲ ਨੂੰ ਵੀ ਸਿੱਖਿਆ ਦੇ ਮੰਦਰ ਵਿੱਚ ਬਦਲ ਸਕਦਾ ਹੈ, ਜਦਕਿ ਸਿੱਖਿਆ ਪ੍ਰਤੀ ਸਮਰਪਣ ਤੋਂ ਬਿਨਾਂ ਸਭ ਤੋਂ ਵਧੀਆ ਨੀਤੀਆਂ ਵੀ ਅਸਫਲ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਜੂਨ 2026 ਵਿੱਚ ਅੰਮ੍ਰਿਤਸਰ, ਬਠਿੰਡਾ, ਜਲੰਧਰ ਅਤੇ ਮੋਹਾਲੀ ਵਿੱਚ ਚਾਰ ਵੱਡੇ ਰਿਹਾਇਸ਼ੀ ਕੋਚਿੰਗ ਕੈਂਪ ਲਗਾਏ ਗਏ, ਜਿਨ੍ਹਾਂ ਰਾਹੀਂ ਕਰੀਬ 3,000 ਵਿਦਿਆਰਥੀਆਂ ਨੂੰ ਜੇਈਈ ਅਤੇ ਨੀਟ ਲਈ ਵਿਸ਼ੇਸ਼ ਤਿਆਰੀ, ਮੌਕ ਟੈਸਟ, ਮੈਨਟੋਰਿੰਗ ਅਤੇ ਸ਼ੰਕਾ ਨਿਵਾਰਣ ਦੀ ਸਹੂਲਤ ਦਿੱਤੀ ਗਈ।
ਇਸ ਮੌਕੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਿਰਫ਼ ਇਮਾਰਤਾਂ ਬਣਾਉਣ ਨਾਲ ਸਕੂਲ ਨਹੀਂ ਬਣਦੇ, ਸਗੋਂ ਅਧਿਆਪਕ ਅਤੇ ਪ੍ਰਿੰਸੀਪਲ ਹੀ ਸਕੂਲਾਂ ਨੂੰ ਸੁਪਨਿਆਂ ਅਤੇ ਸਿੱਖਣ ਦੇ ਕੇਂਦਰ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਸਿੱਖਿਆ ਮਾਡਲ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਾਲ-ਨਾਲ ਉੱਚ ਪੱਧਰੀ ਕੋਚਿੰਗ ਅਤੇ ਮਾਰਗਦਰਸ਼ਨ ਵੀ ਮੁਹੱਈਆ ਕਰਵਾ ਰਿਹਾ ਹੈ, ਜਿਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਆਈਆਈਟੀ, ਐਨਆਈਟੀ ਅਤੇ ਮੈਡੀਕਲ ਕਾਲਜਾਂ ਤੱਕ ਪਹੁੰਚ ਰਹੇ ਹਨ। ਸਮਾਗਮ ਦੌਰਾਨ ਪੀਡੀਸੀ ਮੈਂਬਰ ਅਨੁਰਾਗ ਕੁੰਡੂ, ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਐਸ.ਐਸ. ਬੱਲ ਅਤੇ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ / GURSHARAN SINGH