

ਤਰਨਤਾਰਨ, 30 ਜੁਲਾਈ (ਹਿੰ.ਸ.)| ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਐਸਆਈਆਰ 2026 ਤਹਿਤ ਵੋਟਰ ਸੂਚੀ ਵਿੱਚ ਸੋਧ ਅਤੇ ਅਪਡੇਟ ਦੇ ਕੰਮ ਨੂੰ ਅੰਤਿਮ ਰੂਪ ਦੇਣ ਲਈ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਜ਼ਿਲ੍ਹੇ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ‘ਹਿਊਮਨ ਚੇਨ’ ਬਣਾ ਕੇ ਲੋਕਾਂ ਨੂੰ ਵੋਟਰ ਜਾਗਰੂਕਤਾ ਦਾ ਸੰਦੇਸ਼ ਦਿੱਤਾ। ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ-ਕਮ-ਨੋਡਲ ਅਫ਼ਸਰ ਸਵੀਪ ਰਾਜਿੰਦਰ ਕੌਰ ਆਪਣੀ ਟੀਮ ਸਮੇਤ ਇਸ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੀ ਅਗਵਾਈ ਅਤੇ ਯਤਨਾਂ ਸਦਕਾ ਜ਼ਿਲ੍ਹੇ ਵਿੱਚ ਐਸਆਈਆਰ 2026 ਦਾ ਕੰਮ ਤੇਜ਼ੀ ਨਾਲ ਅੱਗੇ ਵਧਿਆ ਹੈ ਅਤੇ ਹੁਣ ਇਹ ਲਗਭਗ ਮੁਕੰਮਲ ਹੋਣ ਦੇ ਨੇੜੇ ਹੈ।
ਅੱਜ ਦੀਆਂ ਗਤੀਵਿਧੀਆਂ ਦੌਰਾਨ ਵਿਦਿਆਰਥੀਆਂ ਨੇ ਸਕੂਲਾਂ ਦੇ ਮੈਦਾਨਾਂ ਵਿੱਚ ਕਤਾਰਬੱਧ ਹੋ ਕੇ ਹਿਊਮਨ ਚੇਨ ਬਣਾਈ। ਉਨ੍ਹਾਂ ਨੇ “ਐਸਆਈਆਰ 2026”, “ਆਪਣਾ ਨਾਮ ਚੈੱਕ ਕਰਵਾਓ” ਅਤੇ “ਵੋਟਰ ਲਿਸਟ ਨੂੰ ਸਾਫ਼ ਰੱਖੋ” ਵਰਗੇ ਨਾਅਰਿਆਂ ਰਾਹੀਂ ਆਮ ਲੋਕਾਂ ਨੂੰ ਵੋਟਰ ਸਿੱਖਿਆ ਅਤੇ ਜਾਗਰੂਕਤਾ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਰਾਜਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਰਚਨਾਤਮਕ ਗਤੀਵਿਧੀਆਂ ਕਾਰਨ ਵੋਟਰ ਜਾਗਰੂਕਤਾ ਦੇ ਕੰਮ ਵਿੱਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਜ਼ਿਆਦਾਤਰ ਪਿੰਡਾਂ ਵਿੱਚ ਇਹ ਕੰਮ 100 ਫੀਸਦੀ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜ਼ਿਲ੍ਹੇ ਵਿੱਚ ਵੋਟਰ ਸਿੱਖਿਆ ਨਾਲ ਜੁੜਿਆ ਕੰਮ ਪੂਰੀ ਤਰ੍ਹਾਂ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਸਕੂਲਾਂ ਅਤੇ ਕਾਲਜਾਂ ਵਿੱਚ ਅਜਿਹੀਆਂ ਜਾਗਰੂਕਤਾ ਗਤੀਵਿਧੀਆਂ ਜਾਰੀ ਰਹਿਣਗੀਆਂ। ਸਿੱਖਿਆ ਵਿਭਾਗ ਦੀ ਇਸ ਪਹਿਲ ਦੀ ਪਿੰਡਾਂ ਵਿੱਚ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਮੁਹਿੰਮ ਨਾਲ ਜੁੜ ਰਹੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH