ਡੇਰਾ ਬਾਬਾ ਨਾਨਕ ਦੇ ਸਕੂਲ ਤੋਂ 14 ਸਾਲਾ ਵਿਦਿਆਰਥੀ ਲਾਪਤਾ, ਪਰਿਵਾਰ ਨੇ ਸਕੂਲ ਪ੍ਰਸ਼ਾਸਨ ’ਤੇ ਲਗਾਏ ਲਾਪਰਵਾਹੀ ਦੇ ਦੋਸ਼
ਡੇਰਾ ਬਾਬਾ ਨਾਨਕ, 31 ਜੁਲਾਈ (ਹਿੰ.ਸ.)| ਡੇਰਾ ਬਾਬਾ ਨਾਨਕ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ 10ਵੀਂ ਜਮਾਤ ਦਾ 14 ਸਾਲਾ ਵਿਦਿਆਰਥੀ ਮਨਜੋਤ ਸਿੰਘ ਸ਼ੱਕੀ ਹਾਲਾਤਾਂ ਵਿੱਚ ਅਚਾਨਕ ਲਾਪਤਾ ਹੋ ਗਿਆ। ਛੁੱਟੀ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਜਦੋਂ ਵਿਦਿਆਰਥੀ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ
ਲਾਪਤਾ  ਮਨਜੋਤ ਸਿੰਘ ਦੀ ਫਾਈਲ ਫੋਟੋ।


ਡੇਰਾ ਬਾਬਾ ਨਾਨਕ, 31 ਜੁਲਾਈ (ਹਿੰ.ਸ.)| ਡੇਰਾ ਬਾਬਾ ਨਾਨਕ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ 10ਵੀਂ ਜਮਾਤ ਦਾ 14 ਸਾਲਾ ਵਿਦਿਆਰਥੀ ਮਨਜੋਤ ਸਿੰਘ ਸ਼ੱਕੀ ਹਾਲਾਤਾਂ ਵਿੱਚ ਅਚਾਨਕ ਲਾਪਤਾ ਹੋ ਗਿਆ। ਛੁੱਟੀ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਜਦੋਂ ਵਿਦਿਆਰਥੀ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਸਕੂਲ ਪਹੁੰਚ ਕੇ ਹੰਗਾਮਾ ਕੀਤਾ ਅਤੇ ਸਕੂਲ ਪ੍ਰਸ਼ਾਸਨ ’ਤੇ ਸੁਰੱਖਿਆ ਵਿੱਚ ਗੰਭੀਰ ਲਾਪਰਵਾਹੀ ਵਰਤਣ ਦੇ ਦੋਸ਼ ਲਗਾਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਵਿਦਿਆਰਥੀ ਦੀ ਦਾਦੀ ਅਮਰਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਅਗਵਾ ਅਤੇ ਗੁੰਮਸ਼ੁਦਗੀ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪਰਿਵਾਰਕ ਮੈਂਬਰਾਂ ਮੁਤਾਬਕ ਮਨਜੋਤ ਰੋਜ਼ਾਨਾ ਦੁਪਹਿਰ 2 ਵਜੇ ਤੋਂ ਪਹਿਲਾਂ ਘਰ ਪਹੁੰਚ ਜਾਂਦਾ ਸੀ। ਜਦੋਂ ਦੁਪਹਿਰ 2:30 ਵਜੇ ਤੱਕ ਵੀ ਉਹ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਪਰਿਵਾਰ ਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਬੱਚੇ ਨੂੰ ਇਹ ਕਹਿ ਕੇ ਬਾਹਰ ਬੁਲਾਇਆ ਕਿ ‘ਤੁਹਾਡੇ ਪਾਪਾ ਆਏ ਹਨ’, ਜਿਸ ਤੋਂ ਬਾਅਦ ਬੱਚਾ ਉਤਸੁਕਤਾ ਵਿੱਚ ਬਾਹਰ ਚਲਾ ਗਿਆ।ਸਕੂਲ ਦੀ ਅਧਿਆਪਕਾ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਬਾਰੇ ਅਗਲੀ ਸਵੇਰ ਸਕੂਲ ਪਹੁੰਚਣ ’ਤੇ ਜਾਣਕਾਰੀ ਮਿਲੀ। ਉਨ੍ਹਾਂ ਮੁਤਾਬਕ ਸਕੂਲ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਵਿਦਿਆਰਥੀ ਦੇ ਪਿਤਾ ਉਸ ਨੂੰ ਲੈਣ ਲਈ ਆਏ ਸਨ ਅਤੇ ਉਹ ਹੀ ਉਸ ਨੂੰ ਆਪਣੇ ਨਾਲ ਲੈ ਗਏ ਹਨ। ਅਧਿਆਪਕਾ ਨੇ ਇਹ ਵੀ ਦੱਸਿਆ ਕਿ ਸਕੂਲ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਹਾਲ ਹੀ ਵਿੱਚ ਹੋਈ ਬਾਰਿਸ਼ ਕਾਰਨ ਸੀਸੀਟੀਵੀ ਸਿਸਟਮ ਵਿੱਚ ਤਕਨੀਕੀ ਖਰਾਬੀ ਆ ਗਈ ਸੀ।ਸੁਰੱਖਿਆ ਗਾਰਡ ਨਾ ਹੋਣ ਬਾਰੇ ਉਨ੍ਹਾਂ ਕਿਹਾ ਕਿ ਸਰਕਾਰੀ ਨਿਯਮਾਂ ਅਨੁਸਾਰ 500 ਤੋਂ ਵੱਧ ਵਿਦਿਆਰਥੀਆਂ ਵਾਲੇ ਸਕੂਲਾਂ ਵਿੱਚ ਸੁਰੱਖਿਆ ਗਾਰਡ ਤਾਇਨਾਤ ਕੀਤਾ ਜਾਂਦਾ ਹੈ। ਇਸ ਸਕੂਲ ਵਿੱਚ ਲਗਭਗ 400 ਵਿਦਿਆਰਥੀ ਹਨ, ਜਿਸ ਕਾਰਨ ਇੱਥੇ ਕੋਈ ਸੁਰੱਖਿਆ ਗਾਰਡ ਜਾਂ ਗੇਟਕੀਪਰ ਤਾਇਨਾਤ ਨਹੀਂ ਹੈ। ਘਟਨਾ ਵਾਲੇ ਦਿਨ ਪਰਮਿੰਦਰ ਸਿੰਘ ਬੇਦੀ ਸਕੂਲ ਦੇ ਇੰਚਾਰਜ ਸਨ।ਵਿਦਿਆਰਥੀ ਦੇ ਮਾਮੇ ਅਤੇ ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਗੰਭੀਰ ਸਵਾਲ ਚੁੱਕੇ ਹਨ। ਮਨਜੋਤ ਦੇ ਮਾਮੇ ਨੇ ਦੋਸ਼ ਲਗਾਇਆ ਕਿ ਬੱਚੇ ਦਾ ਪਿਤਾ ਪਿਛਲੇ 4 ਸਾਲਾਂ ਤੋਂ ਲਾਪਤਾ ਹੈ। ਅਜਿਹੇ ਵਿੱਚ ਸਕੂਲ ਪ੍ਰਸ਼ਾਸਨ ਵੱਲੋਂ ਇਹ ਕਹਿਣਾ ਕਿ ਉਸ ਦਾ ਪਿਤਾ ਬੱਚੇ ਨੂੰ ਲੈ ਗਿਆ, ਤਸੱਲੀਬਖਸ਼ ਨਹੀਂ ਹੈ।ਪਰਿਵਾਰ ਨੇ ਸਵਾਲ ਕੀਤਾ ਕਿ ਬਿਨਾਂ ਕਿਸੇ ਦੀ ਪਛਾਣ ਕੀਤੇ 14 ਸਾਲਾ ਬੱਚੇ ਨੂੰ ਕਿਸੇ ਅਣਜਾਣ ਵਿਅਕਤੀ ਨਾਲ ਸਕੂਲ ਤੋਂ ਬਾਹਰ ਜਾਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ। ਪਰਿਵਾਰ ਮੁਤਾਬਕ ਸਕੂਲ ਸਮੇਂ ਦੌਰਾਨ ਬੱਚੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਕੂਲ ਪ੍ਰਸ਼ਾਸਨ ਦੀ ਹੁੰਦੀ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ। ਜਾਂਚ ਅਧਿਕਾਰੀ ਮੁਤਾਬਕ ਵਿਦਿਆਰਥੀ ਦੀ ਦਾਦੀ ਅਮਰਜੀਤ ਕੌਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਵੱਲੋਂ ਸਕੂਲ ਦੇ ਆਲੇ-ਦੁਆਲੇ ਦੇ ਰਸਤਿਆਂ ਅਤੇ ਬਾਜ਼ਾਰ ਵਿੱਚ ਲੱਗੇ ਨਿੱਜੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਬਾਰੀਕੀ ਨਾਲ ਖੰਗਾਲੀ ਜਾ ਰਹੀ ਹੈ। ਮਾਮਲੇ ਦੀ ਪੂਰੀ ਜਾਣਕਾਰੀ ਉੱਚ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਵਿਦਿਆਰਥੀ ਦਾ ਜਲਦ ਪਤਾ ਲਗਾ ਕੇ ਉਸ ਨੂੰ ਸੁਰੱਖਿਅਤ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande