ਕੈਨੇਡਾ ’ਚ ਕਰੀਬ 500 ਪੰਜਾਬੀ ਵਿਦਿਆਰਥੀਆਂ ਵਰਕ ਪਰਮਿਟ ਰੱਦ ਹੋਣ ਤੋਂ ਬਾਅਦ ਡਿਪੋਰਟੇਸ਼ਨ ਦਾ ਖ਼ਤਰਾ
ਚੰਡੀਗੜ੍ਹ, 31 ਜੁਲਾਈ (ਹਿੰ.ਸ.)| ਕੈਨੇਡਾ ਵਿੱਚ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਦੀਆਂ ਅਰਜ਼ੀਆਂ ਰੱਦ ਹੋਣ ਤੋਂ ਬਾਅਦ ਕਰੀਬ 500 ਪੰਜਾਬੀ ਵਿਦਿਆਰਥੀਆਂ ’ਤੇ ਡਿਪੋਰਟੇਸ਼ਨ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਕਰੀਬ 1,000 ਭਾਰਤੀ ਵਿਦਿਆਰਥੀ ਪਿਛਲੇ ਤਿੰਨ ਹਫ਼ਤਿਆਂ ਤੋਂ ਅਲਬਰਟਾ ਦੇ ਕੈਲਗਰੀ ਵਿ
ਕੈਨੇਡਾ ’ਚ ਕਰੀਬ 500 ਪੰਜਾਬੀ ਵਿਦਿਆਰਥੀਆਂ ਵਰਕ ਪਰਮਿਟ ਰੱਦ ਹੋਣ ਤੋਂ ਬਾਅਦ ਡਿਪੋਰਟੇਸ਼ਨ ਦਾ ਖ਼ਤਰਾ


ਚੰਡੀਗੜ੍ਹ, 31 ਜੁਲਾਈ (ਹਿੰ.ਸ.)| ਕੈਨੇਡਾ ਵਿੱਚ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਦੀਆਂ ਅਰਜ਼ੀਆਂ ਰੱਦ ਹੋਣ ਤੋਂ ਬਾਅਦ ਕਰੀਬ 500 ਪੰਜਾਬੀ ਵਿਦਿਆਰਥੀਆਂ ’ਤੇ ਡਿਪੋਰਟੇਸ਼ਨ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਕਰੀਬ 1,000 ਭਾਰਤੀ ਵਿਦਿਆਰਥੀ ਪਿਛਲੇ ਤਿੰਨ ਹਫ਼ਤਿਆਂ ਤੋਂ ਅਲਬਰਟਾ ਦੇ ਕੈਲਗਰੀ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਮੀਂਹ, ਤੇਜ਼ ਧੁੱਪ ਅਤੇ ਖਰਾਬ ਮੌਸਮ ਦੇ ਬਾਵਜੂਦ ਵਿਦਿਆਰਥੀ ਸੜਕਾਂ ’ਤੇ ਡਟੇ ਹੋਏ ਹਨ।ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਜਵਾਬ ਮੰਗਣ ਲਈ ਕੁਝ ਵਿਦਿਆਰਥੀਆਂ ਨੇ 29 ਜੁਲਾਈ ਤੋਂ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਨਿਯਮਾਂ ਅਤੇ ਭਰੋਸਿਆਂ ਦੇ ਆਧਾਰ ’ਤੇ ਉਨ੍ਹਾਂ ਨੇ ਕਾਲਜਾਂ ਵਿੱਚ ਦਾਖਲਾ ਲਿਆ, ਲੱਖਾਂ ਰੁਪਏ ਖਰਚ ਕਰਕੇ ਪੜ੍ਹਾਈ ਪੂਰੀ ਕੀਤੀ, ਹੁਣ ਉਸੇ ਪੜ੍ਹਾਈ ਨੂੰ ‘ਨਾਨ-ਕ੍ਰੈਡਿਟੇਬਲ’ ਦੱਸ ਕੇ ਵਰਕ ਪਰਮਿਟ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।ਵਿਦਿਆਰਥੀਆਂ ਮੁਤਾਬਕ ਉਨ੍ਹਾਂ ਨੇ ਕਰੀਬ 32 ਹਜ਼ਾਰ ਕੈਨੇਡੀਅਨ ਡਾਲਰ, ਭਾਵ ਲਗਭਗ 20 ਲੱਖ ਰੁਪਏ ਖਰਚ ਕਰਕੇ ਆਪਣੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ 15 ਮਈ 2024 ਤੋਂ ਪਹਿਲਾਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਮਿਲਣ ਦੀ ਉਮੀਦ ਸੀ।ਇੱਕ ਵਿਦਿਆਰਥਣ ਨੇ ਦੱਸਿਆ ਕਿ ਉਹ 10 ਜੁਲਾਈ 2024 ਨੂੰ ਪਹਿਲੀ ਵਾਰ ਕੈਨੇਡਾ ਪਹੁੰਚੀ ਸੀ ਅਤੇ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਉਸ ਦਾ ਦਾਅਵਾ ਹੈ ਕਿ ਉਸ ਨੇ ਕਿਸੇ ਵੀ ਪੇਪਰ ਵਿੱਚ ਫੇਲ ਨਹੀਂ ਕੀਤਾ। ਇਸ ਦੇ ਬਾਵਜੂਦ 16 ਜੁਲਾਈ 2026 ਨੂੰ ਉਸ ਨੂੰ ਵਰਕ ਪਰਮਿਟ ਰੱਦ ਹੋਣ ਦਾ ਪੱਤਰ ਮਿਲਿਆ। ਉਸ ਮੁਤਾਬਕ ਉਸ ਦੇ ਨਾਲ ਕੈਨੇਡਾ ਆਈਆਂ ਕੁਝ ਹੋਰ ਵਿਦਿਆਰਥਣਾਂ ਨੂੰ ਵਰਕ ਪਰਮਿਟ ਮਿਲ ਗਿਆ, ਪਰ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਗਈ।ਵਿਦਿਆਰਥੀਆਂ ਦਾ ਦਾਅਵਾ ਹੈ ਕਿ ਇੱਕੋ ਕਲਾਸ ਵਿੱਚ ਪੜ੍ਹਦੇ ਕੁਝ ਵਿਦਿਆਰਥੀਆਂ ਨੂੰ ਤਿੰਨ ਸਾਲ ਤੱਕ ਦੇ ਵਰਕ ਪਰਮਿਟ ਮਿਲੇ ਹਨ, ਜਦਕਿ ਬਾਅਦ ਵਿੱਚ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਦੇ ਕੋਰਸ ਪਹਿਲਾਂ ਯੋਗ ਸਨ ਤਾਂ ਹੁਣ ਉਨ੍ਹਾਂ ਨੂੰ ‘ਨਾਨ-ਕ੍ਰੈਡਿਟੇਬਲ’ ਕਹਿ ਕੇ ਵਰਕ ਪਰਮਿਟ ਤੋਂ ਇਨਕਾਰ ਕਿਉਂ ਕੀਤਾ ਜਾ ਰਿਹਾ ਹੈ।ਵਿਦਿਆਰਥੀਆਂ ਮੁਤਾਬਕ ਕੈਲਗਰੀ ਸਥਿਤ ਪੋਟਾਜ ਕਾਲਜ ਦੇ ਲਗਭਗ 250 ਵਿਦਿਆਰਥੀਆਂ ਦੀਆਂ ਵਰਕ ਪਰਮਿਟ ਫਾਈਲਾਂ ਸਿਰਫ਼ ਦੋ ਦਿਨਾਂ ਵਿੱਚ ਰੱਦ ਕਰ ਦਿੱਤੀਆਂ ਗਈਆਂ ਹਨ। ਵਿਦਿਆਰਥੀਆਂ ਅਤੇ ਇਮੀਗ੍ਰੇਸ਼ਨ ਮਾਹਿਰਾਂ ਦਾ ਦਾਅਵਾ ਹੈ ਕਿ ਇਹ ਗਿਣਤੀ ਅੱਗੇ ਚੱਲ ਕੇ 2,000 ਤੱਕ ਪਹੁੰਚ ਸਕਦੀ ਹੈ।ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਚਾਨਕ ਵਰਕ ਪਰਮਿਟ ਰੱਦ ਹੋਣ ਕਾਰਨ ਕਈ ਵਿਦਿਆਰਥੀ ਮਾਨਸਿਕ ਤਣਾਅ ਵਿੱਚ ਹਨ। ਉਨ੍ਹਾਂ ਦੇ ਸਿਰ ’ਤੇ ਪਰਿਵਾਰਕ ਕਰਜ਼ੇ ਦੀ ਜ਼ਿੰਮੇਵਾਰੀ ਹੈ ਅਤੇ ਉਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਵਿੱਚ ਕੰਮ ਕਰਕੇ ਇਹ ਕਰਜ਼ਾ ਚੁਕਾਉਣਾ ਚਾਹੁੰਦੇ ਸਨ।ਵਿਦਿਆਰਥੀਆਂ ਦਾ ਦਾਅਵਾ ਹੈ ਕਿ ਵਰਕ ਪਰਮਿਟ ਰੱਦ ਹੋਣ ਤੋਂ ਬਾਅਦ ਉਨ੍ਹਾਂ ਦੀ ਕਾਨੂੰਨੀ ਸਥਿਤੀ ਪ੍ਰਭਾਵਿਤ ਹੋਈ ਹੈ। ਉਨ੍ਹਾਂ ਮੁਤਾਬਕ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਕਈ ਵਿਦਿਆਰਥੀਆਂ ਦੇ ਹੈਲਥ ਕਾਰਡ ਵੀ ਰੱਦ ਹੋ ਚੁੱਕੇ ਹਨ। ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਸਿਹਤ ਸਬੰਧੀ ਸਮੱਸਿਆਵਾਂ ਦੇ ਬਾਵਜੂਦ ਉਹ ਡਾਕਟਰੀ ਸਹਾਇਤਾ ਲੈਣ ਤੋਂ ਵੀ ਚਿੰਤਤ ਹਨ। ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਦੇ ਡਰਾਈਵਿੰਗ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਵਾਲੀ ਹੈ। ਵਰਕ ਪਰਮਿਟ ਰੱਦ ਹੋਣ ਦੀ ਖ਼ਬਰ ਤੋਂ ਬਾਅਦ ਕਈ ਵਿਦਿਆਰਥੀ ਆਪਣੇ ਪਰਿਵਾਰਾਂ ਅਤੇ ਭਵਿੱਖ ਨੂੰ ਲੈ ਕੇ ਚਿੰਤਤ ਹਨ।ਕੈਨੇਡਾ ਸਰਕਾਰ ਅਤੇ ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਨੇ ਕਿਹਾ ਹੈ ਕਿ ਉਹ ਪੋਟਾਜ ਕਾਲਜ ਨੂੰ ਸਿੱਧੇ ਤੌਰ ’ਤੇ ਫਰਜ਼ੀ ਡਿਗਰੀਆਂ ਦੇਣ ਵਾਲਾ ਸੰਸਥਾਨ ਨਹੀਂ ਕਹਿਣਗੇ। ਹਾਲਾਂਕਿ, ਉਨ੍ਹਾਂ ਦਾ ਮੰਨਣਾ ਹੈ ਕਿ ਸੰਸਥਾ ਵੱਲੋਂ ਸਥਾਈ ਨਿਵਾਸ ਨੂੰ ਲੈ ਕੇ ਵਿਦਿਆਰਥੀਆਂ ਨੂੰ ਵਧਾ-ਚੜ੍ਹਾ ਕੇ ਜਾਣਕਾਰੀ ਦਿੱਤੀ ਗਈ ਹੋ ਸਕਦੀ ਹੈ।ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਵੀਜ਼ਾ ਖ਼ਤਮ ਹੋ ਜਾਵੇਗਾ ਅਤੇ ਜਿਨ੍ਹਾਂ ਕੋਲ ਸਥਾਈ ਨਿਵਾਸ ਨਹੀਂ ਹੋਵੇਗਾ, ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਪਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande