
ਸੁਰੱਖਿਅਤ ਖੁਰਾਕ ਨਾਲ ਹੀ ਬਣੇਗਾ ‘ਰੰਗਲਾ ਪੰਜਾਬ’: ਸਿਹਤ ਮੰਤਰੀਪਟਿਆਲਾ, 31 ਜੁਲਾਈ (ਹਿੰ.ਸ.)| ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਸੁਰੱਖਿਅਤ, ਪੌਸ਼ਟਿਕ ਅਤੇ ਮਿਲਾਵਟ ਰਹਿਤ ਖੁਰਾਕ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ੁੱਧ ਭੋਜਨ ਹੀ ਸਿਹਤਮੰਦ ਸਮਾਜ ਦੀ ਨੀਂਹ ਹੈ। ਉਹ ਹੋਟਲ ਸ਼ੌਰਿਆ ਵਿਖੇ ‘ਰੰਗਲਾ ਪੰਜਾਬ ਸਾਡੀ ਸਾਂਝੀ ਜ਼ਿੰਮੇਵਾਰੀ—ਸੁਰੱਖਿਅਤ ਅਤੇ ਪੌਸ਼ਟਿਕ ਖੁਰਾਕ, ਚੰਗੀ ਸਿਹਤ ਦਾ ਆਧਾਰ’ ਵਿਸ਼ੇ ’ਤੇ ਕਰਵਾਏ ਗਏ ਫੂਡ ਸੇਫਟੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਇਹ ਸੈਮੀਨਾਰ ਡਿਪਟੀ ਕਮਿਸ਼ਨਰ ਪਟਿਆਲਾ, ਸਿਵਲ ਸਰਜਨ ਦਫ਼ਤਰ ਅਤੇ ਫੂਡ ਸੇਫਟੀ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ।ਡਾ. ਬਲਬੀਰ ਸਿੰਘ ਨੇ ਕਿਹਾ ਕਿ ‘ਜੈਸਾ ਅੰਨ, ਵੈਸਾ ਮਨ’ ਸਿਰਫ਼ ਇੱਕ ਕਹਾਵਤ ਨਹੀਂ, ਸਗੋਂ ਸਿਹਤਮੰਦ ਜੀਵਨ ਦਾ ਮੂਲ ਮੰਤਰ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਫ਼ ਹਵਾ ਅਤੇ ਸ਼ੁੱਧ ਪਾਣੀ ਮਨੁੱਖੀ ਸਿਹਤ ਲਈ ਜ਼ਰੂਰੀ ਹਨ, ਉਸੇ ਤਰ੍ਹਾਂ ਸੁਰੱਖਿਅਤ, ਪੌਸ਼ਟਿਕ ਅਤੇ ਮਿਆਰੀ ਖੁਰਾਕ ਵੀ ਤੰਦਰੁਸਤ ਜੀਵਨ ਦਾ ਅਹਿਮ ਆਧਾਰ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿਰਜੇ ਜਾ ਰਹੇ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਲੋਕਾਂ ਵਿੱਚ ਸਿਹਤਮੰਦ ਖਾਣ-ਪੀਣ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਸਮੇਂ ਦੀ ਮੁੱਖ ਲੋੜ ਹੈ। ਇਸੇ ਮਕਸਦ ਨਾਲ ਸੂਬਾ ਸਰਕਾਰ ਵੱਲੋਂ ਲਗਾਤਾਰ ਫੂਡ ਸੇਫਟੀ ਅਤੇ ਸਿਹਤ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ।ਸਿਹਤ ਮੰਤਰੀ ਨੇ ਦੱਸਿਆ ਕਿ ਸੈਮੀਨਾਰ ਵਿੱਚ ਖੇਤੀਬਾੜੀ ਯੂਨੀਵਰਸਿਟੀ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਦੇ ਮਾਹਿਰਾਂ ਅਤੇ ਕੁਦਰਤੀ ਤੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੇ ਭਾਗ ਲਿਆ।ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਅਤੇ ਕਿਸਾਨਾਂ ਦੇ ਆਪਸੀ ਤਾਲਮੇਲ ਰਾਹੀਂ ਨੌਜਵਾਨ ਪੀੜ੍ਹੀ ਨੂੰ ਰਸਾਇਣ-ਮੁਕਤ ਅਤੇ ਜੈਵਿਕ ਖੁਰਾਕ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਕਰਨ ਵਾਲੇ ਕਿਸਾਨ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਪਰਹੇਜ਼ ਕਰਦੇ ਹਨ, ਜਿਸ ਨਾਲ ਗੁਣਵੱਤਾ ਭਰਪੂਰ ਅਤੇ ਸਿਹਤਮੰਦ ਅਨਾਜ ਪੈਦਾ ਹੁੰਦਾ ਹੈ। ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਵੱਧ ਤੋਂ ਵੱਧ ਕੁਦਰਤੀ ਅਤੇ ਜੈਵਿਕ ਖੁਰਾਕ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤਮੰਦ ਸਮਾਜ ਦੀ ਨੀਂਹ ਸੁਰੱਖਿਅਤ ਭੋਜਨ ’ਤੇ ਹੀ ਟਿਕੀ ਹੁੰਦੀ ਹੈ।ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਫੂਡ ਬਿਜ਼ਨਸ ਆਪਰੇਟਰਾਂ ਅਤੇ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਵਿਕਰੇਤਾਵਾਂ ਦੀ ਨਿਯਮਤ ਜਾਂਚ ਕੀਤੀ ਜਾਂਦੀ ਹੈ। ਇਸ ਦਾ ਮਕਸਦ ਲੋਕਾਂ ਨੂੰ ਮਿਆਰੀ ਅਤੇ ਸੁਰੱਖਿਅਤ ਖੁਰਾਕ ਉਪਲਬਧ ਕਰਵਾਉਣਾ ਅਤੇ ਮਿਲਾਵਟ ਜਾਂ ਗੈਰ-ਮਿਆਰੀ ਖੁਰਾਕ ਦੀ ਵਿਕਰੀ ਨੂੰ ਰੋਕਣਾ ਹੈ।ਇਸ ਮੌਕੇ ਫੂਡ ਸੇਫਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ, ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਡੀਨ ਸੀ.ਓ.ਸੀ.ਐੱਸ. ਕਿਰਨ ਬੈਂਸ, ਵੀ.ਸੀ. ਪੀ.ਏ.ਯੂ. ਡਾ. ਐੱਸ.ਐੱਸ. ਗੋਸਲ, ਵੀ.ਸੀ. ਗਡਵਾਸੂ ਜੇ.ਐੱਸ. ਗਿੱਲ, ਪਿੰਗਲਵਾੜਾ ਤੋਂ ਰਾਜਵੀਰ ਸਿੰਘ, ਪੀ.ਪੀ.ਸੀ.ਬੀ. ਦੀ ਚੇਅਰਪਰਸਨ ਰੀਨਾ ਗੁਪਤਾ, ਰਵਨੀਤ ਕੌਰ, ਐਨ.ਜੀ.ਓ. ਪ੍ਰਗਤੀ, ਔਰਗੈਨਿਕ ਪ੍ਰੋਡਿਊਸਰ ਗੁਰਮੀਤ ਸਿੰਘ, ਖੇਤੀ ਵਿਰਾਸਤ ਮਿਸ਼ਨ ਦੇ ਉਮੇਂਦਰ ਦੱਤ, ਸਰਪੰਚ ਕਨਸੁਆ ਹਰਪ੍ਰੀਤ ਸਿੰਘ, ਚੇਅਰਜ਼ ਫੂਡ ਐਂਡ ਬੇਵਰੇਜਸ ਦੇ ਸੀ.ਈ.ਓ. ਹਰਿੰਦਰ ਪਾਲ ਸਿੰਘ ਲਾਂਬਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ, ਸਿਵਲ ਸਰਜਨ ਡਾ. ਸ਼ੈਲੀ ਜੇਟਲੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਮਾਹਿਰ, ਕਿਸਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH