
ਚੰਡੀਗੜ੍ਹ, 08 ਜੁਲਾਈ (ਹਿੰ.ਸ.)| ਪੰਜਾਬ ਵਿੱਚ ਲੌਜਿਸਟਿਕਸ ਲਾਗਤਾਂ ਨੂੰ ਘਟਾਉਣ ਅਤੇ ਉਦਯੋਗਿਕ ਮੁਕਾਬਲੇਬਾਜ਼ੀ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਰਾਜ ਦੀ ਸਪਲਾਈ ਚੇਨ ਨੂੰ ਯੂਨੀਫਾਈਡ ਲੌਜਿਸਟਿਕਸ ਇੰਟਰਫੇਸ ਪਲੇਟਫਾਰਮ (ਯੂ.ਐਲ.ਆਈ.ਪੀ.) ਨਾਲ ਜੋੜਨ ਲਈ ਐਨ.ਆਈ.ਸੀ.ਡੀ.ਸੀ. ਲੌਜਿਸਟਿਕਸ ਡੇਟਾ ਸਰਵਿਸਿਜ਼ ਲਿਮਟਿਡ (ਐਨਐਲਡੀਐਸਐਲ) ਨਾਲ ਸਮਝੌਤਾ ਸਹੀਬੱਧ ਕੀਤਾ ਹੈ। ਇਹ ਸਮਝੌਤਾ ਉਦਯੋਗ ਭਵਨ ਵਿਖੇ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਵਿਭਾਗ ਦੇ ਡਾਇਰੈਕਟਰ ਜਸਪ੍ਰੀਤ ਸਿੰਘ ਅਤੇ ਐਨਐਲਡੀਐਸਐਲ ਦੇ ਚੀਫ਼ ਐਗਜ਼ੀਕਿਊਟਿਵ ਤਾਕਾਯੁਕੀ ਕਾਨੋ ਵੱਲੋਂ ਹਸਤਾਖਰ ਕਰਕੇ ਕੀਤਾ ਗਿਆ।
ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਇਹ ਸਮਝੌਤਾ ਇੱਕ ਸਿੰਗਲ ਇੰਟਰਫੇਸ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਨਿੱਜੀ ਲੌਜਿਸਟਿਕਸ ਆਪਰੇਟਰਾਂ ਵਿਚਕਾਰ ਰੀਅਲ-ਟਾਈਮ ਡੇਟਾ ਸਾਂਝਾ ਕਰਨ ਦੀ ਸਹੂਲਤ ਦੇਵੇਗਾ। ਇਸ ਨਾਲ ਵਪਾਰਕ ਪ੍ਰਕਿਰਿਆਵਾਂ ਸਰਲ ਹੋਣਗੀਆਂ, ਮਾਲ ਦੀ ਆਵਾਜਾਈ ਦੀ ਨਿਗਰਾਨੀ ਬਿਹਤਰ ਹੋਵੇਗੀ ਅਤੇ ਨਿਰਯਾਤਕਾਂ, ਐਮਐਸਐਮਈਜ਼ ਅਤੇ ਟਰਾਂਸਪੋਰਟਰਾਂ ਨੂੰ ਸਿੱਧਾ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਯੂ.ਐਲ.ਆਈ.ਪੀ. ਨਾਲ ਜੁੜਨ ਨਾਲ ਟਰਾਂਜੈਕਸ਼ਨ ਲਾਗਤਾਂ ਵਿੱਚ ਕਮੀ ਆਵੇਗੀ ਅਤੇ ਪੰਜਾਬ ਦੀ 'ਈਜ਼ ਆਫ਼ ਡੂਇੰਗ ਬਿਜ਼ਨਸ' ਰੈਂਕਿੰਗ ਹੋਰ ਮਜ਼ਬੂਤ ਹੋਵੇਗੀ। ਇਸ ਦੇ ਨਾਲ ਹੀ ਸਰਕਾਰੀ ਵਿਭਾਗਾਂ, ਲੌਜਿਸਟਿਕਸ ਸੇਵਾ ਪ੍ਰਦਾਤਾਵਾਂ ਅਤੇ ਉਦਯੋਗਾਂ ਵਿਚਕਾਰ ਤਾਲਮੇਲ ਵਧੇਗਾ, ਸਪਲਾਈ ਚੇਨ ਦੀ ਵਿਜ਼ੀਬਿਲਟੀ ਵਿੱਚ ਸੁਧਾਰ ਆਵੇਗਾ ਅਤੇ ਨਿਰਯਾਤ ਮੁਕਾਬਲੇਬਾਜ਼ੀ ਨੂੰ ਨਵਾਂ ਹੁਲਾਰਾ ਮਿਲੇਗਾ।
ਉਦਯੋਗ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਧੁਨਿਕ, ਪਾਰਦਰਸ਼ੀ ਅਤੇ ਨਿਵੇਸ਼ਕ-ਪੱਖੀ ਉਦਯੋਗਿਕ ਮਾਹੌਲ ਸਿਰਜਣ ਲਈ ਲਗਾਤਾਰ ਯਤਨਸ਼ੀਲ ਹੈ। ਐਨਐਲਡੀਐਸਐਲ ਨਾਲ ਕੀਤਾ ਗਿਆ ਇਹ ਸਮਝੌਤਾ ਲੌਜਿਸਟਿਕਸ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਿਵੇਸ਼ਕਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ।
ਸਮਝੌਤੇ ਤੋਂ ਬਾਅਦ ਐਨਐਲਡੀਐਸਐਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਲਈ ਤਕਨੀਕੀ ਵਰਕਸ਼ਾਪ ਵੀ ਕਰਵਾਈ ਗਈ। ਇਸ ਦੌਰਾਨ ਲੌਜਿਸਟਿਕਸ ਡੇਟਾ ਬੈਂਕ, ਟਰੈਕ ਯੂਅਰ ਟ੍ਰਾਂਸਪੋਰਟ ਅਤੇ ਟ੍ਰਾਂਸਪੋਰਟ ਮੈਨੇਜਮੈਂਟ ਸਿਸਟਮ ਵਰਗੇ ਡਿਜ਼ੀਟਲ ਹੱਲਾਂ ਬਾਰੇ ਜਾਣਕਾਰੀ ਦਿੱਤੀ ਗਈ, ਜੋ ਭਵਿੱਖ ਵਿੱਚ ਪੰਜਾਬ ਦੇ ਲੌਜਿਸਟਿਕਸ ਨੈੱਟਵਰਕ ਨੂੰ ਹੋਰ ਆਧੁਨਿਕ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH