
ਚੰਡੀਗੜ੍ਹ, 09 ਜੁਲਾਈ (ਹਿੰ.ਸ.)| ਪੰਜਾਬ ਸਰਕਾਰ ਦੀ ਪ੍ਰਮੁੱਖ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਸੂਬੇ ਵਿੱਚ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਇਸ ਸਾਲ 8 ਜਨਵਰੀ ਨੂੰ ਸ਼ੁਰੂ ਕੀਤੀ ਗਈ ਇਸ ਯੋਜਨਾ ਦੇ ਪਹਿਲੇ ਛੇ ਮਹੀਨਿਆਂ ਦੌਰਾਨ 2,42,917 ਮਰੀਜ਼ਾਂ ਨੂੰ 4,79,602 ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਇਲਾਜਾਂ ਦੀ ਕੁੱਲ ਲਾਗਤ ਕਰੀਬ 852 ਕਰੋੜ ਰੁਪਏ ਰਹੀ ਹੈ।
ਯੋਜਨਾ ਤਹਿਤ ਹੁਣ ਤੱਕ 47 ਲੱਖ ਤੋਂ ਵੱਧ ਸਿਹਤ ਕਾਰਡ ਰਜਿਸਟਰ ਕੀਤੇ ਜਾ ਚੁੱਕੇ ਹਨ। ਇਸ ਰਾਹੀਂ ਯੋਗ ਪਰਿਵਾਰਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫ਼ਤ ਕੈਸ਼ਲੈੱਸ ਇਲਾਜ ਮਿਲ ਰਿਹਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਯੋਜਨਾ ਨੇ ਹਜ਼ਾਰਾਂ ਪਰਿਵਾਰਾਂ ਨੂੰ ਮਹਿੰਗੇ ਇਲਾਜ ਦੇ ਆਰਥਿਕ ਬੋਝ ਤੋਂ ਰਾਹਤ ਦਿੱਤੀ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਯੋਜਨਾ ਆਮ ਇਲਾਜ ਦੇ ਨਾਲ-ਨਾਲ ਗੰਭੀਰ ਅਤੇ ਮਹਿੰਗੀਆਂ ਸਰਜਰੀਆਂ ਲਈ ਵੀ ਵੱਡੀ ਸਹੂਲਤ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਯੋਜਨਾ ਦਾ ਮਕਸਦ ਹਰ ਨਾਗਰਿਕ ਨੂੰ ਬਿਨਾਂ ਆਰਥਿਕ ਚਿੰਤਾ ਦੇ ਮਿਆਰੀ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਹੈ।
ਡਾ. ਬਲਬੀਰ ਸਿੰਘ ਮੁਤਾਬਕ, ਇਸ ਯੋਜਨਾ ਵਿੱਚ ਕ੍ਰੋਨਿਕ ਹੀਮੋਡਾਇਲਿਸਿਸ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਾ ਇਲਾਜ ਰਿਹਾ ਹੈ। ਹੁਣ ਤੱਕ 1.58 ਲੱਖ ਤੋਂ ਵੱਧ ਡਾਇਲਿਸਿਸ ਸੈਸ਼ਨ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਕਰੀਬ 12,400 ਲੈਪਰੋਸਕੋਪਿਕ ਗੌਲਬਲੈਡਰ ਸਰਜਰੀਆਂ ਵੀ ਕੀਤੀਆਂ ਗਈਆਂ ਹਨ।
ਯੋਜਨਾ ਅਧੀਨ ਗੋਡਾ ਬਦਲਾਅ, ਸੀਜ਼ੇਰੀਅਨ ਡਿਲੀਵਰੀ, ਨਾਰਮਲ ਡਿਲੀਵਰੀ, ਹਿਸਟਰੇਕਟੋਮੀ, ਹਿਪ ਰਿਪਲੇਸਮੈਂਟ ਅਤੇ ਹੋਰ ਵੱਡੀਆਂ ਸਰਜਰੀਆਂ ਦਾ ਵੀ ਵੱਡੀ ਗਿਣਤੀ ਵਿੱਚ ਲਾਭ ਦਿੱਤਾ ਗਿਆ ਹੈ। ਅੰਕੜਿਆਂ ਅਨੁਸਾਰ ਪ੍ਰਾਇਮਰੀ ਟੋਟਲ ਨੀ ਰਿਪਲੇਸਮੈਂਟ 'ਤੇ ਲਗਭਗ 70.86 ਕਰੋੜ ਰੁਪਏ ਅਤੇ ਦਿਲ ਵਿੱਚ ਸਟੈਂਟ ਪਾਉਣ ਵਾਲੀ ਪੀਟੀਸੀਏ ਪ੍ਰਕਿਰਿਆ 'ਤੇ ਕਰੀਬ 70.02 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਲਾਭਪਾਤਰੀਆਂ ਨੇ ਵੀ ਇਸ ਯੋਜਨਾ ਨੂੰ ਰਾਹਤਦਾਇਕ ਦੱਸਿਆ ਹੈ। ਸੰਗਰੂਰ ਦੀ ਬਲਜਿੰਦਰ ਕੌਰ ਨੇ ਦੱਸਿਆ ਕਿ 10 ਸਾਲਾਂ ਤੋਂ ਗੋਡਿਆਂ ਦੇ ਦਰਦ ਤੋਂ ਪੀੜਤ ਰਹਿਣ ਤੋਂ ਬਾਅਦ ਉਨ੍ਹਾਂ ਦਾ ਮੁਫ਼ਤ ਨੀ ਰਿਪਲੇਸਮੈਂਟ ਹੋਇਆ। ਇਸੇ ਤਰ੍ਹਾਂ ਪਟਿਆਲਾ ਦੇ ਮਾਮੂ ਰਾਮ ਅਤੇ ਲੁਧਿਆਣਾ ਦੀ ਬੀਨਾ ਦੇਵੀ ਨੇ ਵੀ ਯੋਜਨਾ ਤਹਿਤ ਮਿਲੇ ਮੁਫ਼ਤ ਇਲਾਜ ਨੂੰ ਆਪਣੇ ਲਈ ਵੱਡੀ ਮਦਦ ਦੱਸਿਆ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਚੀਬੱਧ ਹਸਪਤਾਲਾਂ ਦਾ ਨੈੱਟਵਰਕ ਵਧਾਉਣ, ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਣ ਅਤੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਆਰਥਿਕ ਤੰਗੀ ਕਾਰਨ ਕੋਈ ਵੀ ਵਿਅਕਤੀ ਮਿਆਰੀ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹੇ।
ਹਿੰਦੂਸਥਾਨ ਸਮਾਚਾਰ / GURSHARAN SINGH