
ਜਲੰਧਰ, 09 ਜੁਲਾਈ (ਹਿੰ.ਸ.)| ਜਲੰਧਰ ਪੁਲਿਸ ਨੇ ਵਰਦਾਨ ਹਸਪਤਾਲ 'ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਬੰਬੀਹਾ ਗੈਂਗ ਨਾਲ ਜੁੜੇ ਸ਼ੂਟਰ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ।
ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸੀਆਈਏ ਸਟਾਫ ਨੇ ਨਾਕਾਬੰਦੀ ਕੀਤੀ ਹੋਈ ਸੀ। ਜਦੋਂ ਪੁਲਿਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜਣ ਲੱਗ ਪਿਆ। ਕੁਝ ਦੂਰ ਜਾ ਕੇ ਉਸ ਦੀ ਬਾਈਕ ਫਿਸਲ ਗਈ, ਜਿਸ ਤੋਂ ਬਾਅਦ ਉਸ ਨੇ ਪੁਲਿਸ 'ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਸਵੈ-ਰੱਖਿਆ ਲਈ ਫਾਇਰਿੰਗ ਕੀਤੀ, ਜਿਸ ਵਿੱਚ ਮੁਲਜ਼ਮ ਜ਼ਖ਼ਮੀ ਹੋ ਗਿਆ।
ਮੁਲਜ਼ਮ ਦੀ ਪਛਾਣ ਸ਼ਾਹਕੋਟ ਦੇ ਰਹਿਣ ਵਾਲੇ ਜੋਧ ਸਿੰਘ ਉਰਫ਼ ਜੋਧਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਉਹ ਲੱਕੀ ਪਟਿਆਲ ਗੈਂਗ ਨਾਲ ਜੁੜਿਆ ਹੋਇਆ ਸੀ ਅਤੇ ਮੋਗਾ ਤੇ ਮੋਹਾਲੀ ਪੁਲਿਸ ਨੂੰ ਵੀ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਰੀਬ ਦੋ ਤੋਂ ਤਿੰਨ ਮਹੀਨੇ ਪਹਿਲਾਂ ਮੋਤਾ ਸਿੰਘ ਨਗਰ ਸਥਿਤ ਵਰਦਾਨ ਹਸਪਤਾਲ ਦੇ ਬਾਹਰ ਹੋਈ ਫਾਇਰਿੰਗ ਵੀ ਇਸੇ ਮੁਲਜ਼ਮ ਨੇ ਕੀਤੀ ਸੀ। ਉਸ ਕੋਲੋਂ ਬਰਾਮਦ ਹੋਇਆ ਹੈਲਮੈਟ ਅਤੇ ਹਥਿਆਰ ਉਹੀ ਹਨ ਜੋ ਉਸ ਸਮੇਂ ਵਰਤੇ ਗਏ ਸਨ। ਸੀਸੀਟੀਵੀ ਫੁਟੇਜ ਰਾਹੀਂ ਵੀ ਇਸ ਦੀ ਪੁਸ਼ਟੀ ਹੋਈ ਹੈ।
ਪੁਲਿਸ ਅਨੁਸਾਰ ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਇਹ ਫਾਇਰਿੰਗ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲੱਕੀ ਪਟਿਆਲ ਦੇ ਕਹਿਣ 'ਤੇ ਕੀਤੀ ਗਈ ਸੀ। ਮੁਲਜ਼ਮ ਨੇ ਪੈਸਿਆਂ ਦੀ ਲੈਣ-ਦੇਣ ਅਤੇ ਮਨੀ ਟ੍ਰੇਲ ਨਾਲ ਜੁੜੇ ਕੁਝ ਨਾਂ ਵੀ ਦੱਸੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਸਾਜ਼ਿਸ਼ ਵਿੱਚ ਕੈਨੇਡਾ ਵਿੱਚ ਬੈਠੇ ਇੱਕ ਵਿਅਕਤੀ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ, ਜਿਸ ਦਾ ਵਰਦਾਨ ਹਸਪਤਾਲ ਨਾਲ ਕਿਸੇ ਤਰ੍ਹਾਂ ਦਾ ਵਿਵਾਦ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਂਚ ਜਾਰੀ ਹੈ।
ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਹਸਪਤਾਲ ਨੂੰ ਆਈ ਫਿਰੌਤੀ ਦੀ ਕਾਲ ਅਤੇ ਫਾਇਰਿੰਗ ਦੀ ਘਟਨਾ ਵਿਚਕਾਰ ਕੀ ਸਬੰਧ ਹੈ ਅਤੇ ਮੁਲਜ਼ਮ ਨੂੰ ਇਸ ਵਾਰਦਾਤ ਲਈ ਕਿੰਨੀ ਰਕਮ ਦਿੱਤੀ ਜਾਣੀ ਸੀ।
ਹਿੰਦੂਸਥਾਨ ਸਮਾਚਾਰ / GURSHARAN SINGH