
ਬਟਾਲਾ, 09 ਜੁਲਾਈ (ਹਿੰ.ਸ.)| ਜ਼ਿਲ੍ਹਾ ਪਲਾਨਿੰਗ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਜੋਬਨ ਰੰਧਾਵਾ ਵਲੋਂ ਪਿੰਡ ਘਣੀਏ ਕੇ ਬਾਂਗਰ ਵਿਖੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਸ਼ੁਕਰਾਨਾ ਬੈਠਕ ਕੀਤੀ ਗਈ, ਜਿਸ ਵਿੱਚ ਇਲਾਕੇ ਦੇ ਲੋਕਾਂ ਵੱਲੋਂ ਭਰਪੂਰ ਪਿਆਰ ਅਤੇ ਸਹਿਯੋਗ ਮਿਲਿਆ ਅਤੇ ਲੋਕਾਂ ਵੱਲੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਸੁਖਰਾਜ ਸਿੰਘ, ਸਰਪੰਚ ਕਰਮਜੀਤ ਸਿੰਘ, ਸਰਬਜੀਤ ਸਿੰਘ , ਬਲਾਕ ਪ੍ਰਧਾਨ ਲਵਲੀ ਸੁਨਿਆਰਾ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਹਾਜ਼ਿਰ ਸੀ।
ਇਸ ਮੌਕੇ ਗੱਲ ਕਰਦਿਆਂ ਚੇਅਰਮੈਨ ਜੋਬਨ ਰੰਧਾਵਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਇਸ ਸਾਲ ਦੇ ਬਜਟ ਸੈਸ਼ਨ ਦੌਰਾਨ 'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ' ਦੇ ਅਧਿਕਾਰਤ ਤੌਰ 'ਤੇ ਐਲਾਣ ਹੋਣ ਮਗਰੋਂ ਲੋਕਾਂ ਨਾਲ ਕੀਤੀ ਗਰੰਟੀ ਪੂਰੀ ਕਰ ਦਿੱਤੀ ਗਈ ਸੀ ਅਤੇ ਹੁਣ ਮਹਿਲਾਵਾਂ ਦੇ ਖਾਤਿਆਂ ਵਿੱਚ ਵਿੱਤੀ ਸਹਾਇਤਾ ਪਹੁੰਚ ਰਹੀ ਹੈ।
'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ' ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਯੋਜਨਾ ਔਰਤਾਂ ਦਾ ਸਤਿਕਾਰ ਅਤੇ ਆਰਥਿਕ ਤੌਰ 'ਤੇ ਸਸ਼ਕਤੀਕਰਨ ਦਾ ਇੱਕ ਇਤਿਹਾਸਕ ਫੈਸਲਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀ ਜਨਰਲ ਵਰਗ ਨਾਲ ਸਬੰਧਤ ਔਰਤ ਨੂੰ ਪ੍ਰਤੀ ਮਹੀਨਾ ਹਜਾਰ ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਮਿਲਣਗੇ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਯੋਜਨਾ ਨਹੀਂ ਹੈ ਬਲਕਿ ਇਹ ਪੰਜਾਬ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਦਾ ਸਤਿਕਾਰ ਹੈ। ਇਹ ਪੈਸਾ ਸਿੱਧਾ ਔਰਤਾਂ ਦੇ ਖਾਤਿਆਂ ਵਿੱਚ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਹਰ ਯੋਗ ਲਾਭਪਾਤਰੀ ਦੀ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਕਿ ਹਰ ਔਰਤ ਇਸ ਯੋਜਨਾ ਵਿੱਚ ਆਸਾਨੀ ਨਾਲ ਸ਼ਾਮਲ ਹੋ ਸਕੇ। ਇਹ ਯੋਜਨਾ ਪੰਜਾਬ ਦੀਆਂ ਲੱਖਾਂ ਔਰਤਾਂ ਨੂੰ ਆਰਥਿਕ ਤਾਕਤ ਅਤੇ ਸਵੈ-ਨਿਰਭਰਤਾ ਪ੍ਰਦਾਨ ਕਰੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH