
ਅੰਮ੍ਰਿਤਸਰ, 09 ਜੁਲਾਈ (ਹਿੰ.ਸ.)| ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਸ਼ੇਖੂਪੁਰਾ ਮੁਹੱਲੇ ਵਿੱਚ ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਘਰ 'ਤੇ ਤਾਬੜਤੋੜ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਤਿੰਨ ਮੋਟਰਸਾਈਕਲਾਂ 'ਤੇ ਸਵਾਰ ਕਰੀਬ 8 ਤੋਂ 9 ਹਮਲਾਵਰਾਂ ਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ 10 ਤੋਂ 12 ਰਾਊਂਡ ਫਾਇਰਿੰਗ ਕੀਤੀ। ਗੋਲੀਬਾਰੀ ਦੀ ਆਵਾਜ਼ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਪਰਿਵਾਰ ਦੀ ਮੈਂਬਰ ਬਲਵਿੰਦਰ ਕੌਰ ਨੇ ਦੱਸਿਆ ਕਿ ਘਟਨਾ ਸਮੇਂ ਸਾਰਾ ਪਰਿਵਾਰ ਘਰ ਅੰਦਰ ਬੈਠ ਕੇ ਬੱਚਿਆਂ ਨੂੰ ਖਾਣਾ ਖਵਾ ਰਿਹਾ ਸੀ। ਅਚਾਨਕ ਬਾਹਰੋਂ ਤੇਜ਼ ਆਵਾਜ਼ਾਂ ਸੁਣਾਈ ਦਿੱਤੀਆਂ। ਪਹਿਲਾਂ ਉਨ੍ਹਾਂ ਨੂੰ ਲੱਗਾ ਕਿ ਕੋਈ ਪਟਾਕੇ ਚਲਾ ਰਿਹਾ ਹੈ, ਪਰ ਕੁਝ ਹੀ ਪਲਾਂ ਬਾਅਦ ਪਤਾ ਲੱਗਾ ਕਿ ਘਰ ਦੇ ਬਾਹਰ ਗੋਲੀਬਾਰੀ ਕੀਤੀ ਗਈ ਹੈ।ਬਲਵਿੰਦਰ ਕੌਰ ਨੇ ਦੱਸਿਆ ਕਿ ਜੇਕਰ ਉਸ ਵੇਲੇ ਕੋਈ ਬੱਚਾ ਜਾਂ ਪਰਿਵਾਰਕ ਮੈਂਬਰ ਘਰ ਦੇ ਬਾਹਰ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਇਹ ਪਤਾ ਲਗਾਇਆ ਜਾਵੇ ਕਿ ਪਰਿਵਾਰ ਨੂੰ ਕਿਸ ਕਾਰਨ ਨਿਸ਼ਾਨਾ ਬਣਾਇਆ ਗਿਆ।ਘਟਨਾ ਦੀ ਸੂਚਨਾ ਮਿਲਦੇ ਹੀ ਜੰਡਿਆਲਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਕਿਸ ਰਸਤੇ ਤੋਂ ਆਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿਸ ਪਾਸੇ ਫ਼ਰਾਰ ਹੋਏ। ਫਿਲਹਾਲ ਫਾਇਰਿੰਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪੂਰਾ ਮਾਮਲਾ ਸਪੱਸ਼ਟ ਹੋਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH