
ਚੰਡੀਗੜ੍ਹ, 09 ਜੁਲਾਈ (ਹਿੰ.ਸ.)| ਪੰਜਾਬ ਦੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨੇ ਸਿਰਫ਼ ਛੇ ਮਹੀਨਿਆਂ ਵਿੱਚ 100 ਤੋਂ ਵੱਧ ਰੋਬੋਟਿਕ ਸਰਜਰੀਆਂ ਸਫ਼ਲਤਾਪੂਰਵਕ ਕਰਕੇ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਖ਼ਾਸ ਗੱਲ ਇਹ ਰਹੀ ਕਿ ਇਹ ਸਾਰੀਆਂ ਸਰਜਰੀਆਂ ਮਰੀਜ਼ਾਂ ਤੋਂ ਕਿਸੇ ਵੀ ਵਾਧੂ ਖ਼ਰਚੇ ਤੋਂ ਬਿਨਾਂ ਕੀਤੀਆਂ ਗਈਆਂ। ਪੰਜਾਬ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲਾ ਇਹ ਇਕੱਲਾ ਸਰਕਾਰੀ ਹਸਪਤਾਲ ਬਣ ਗਿਆ ਹੈ।
ਹੋਮੀ ਭਾਭਾ ਕੈਂਸਰ ਹਸਪਤਾਲ, ਟਾਟਾ ਮੈਮੋਰੀਅਲ ਸੈਂਟਰ ਦੀ ਇਕਾਈ ਹੈ, ਜੋ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਅਧੀਨ ਕੰਮ ਕਰਦਾ ਹੈ। ਇਸ ਅਤਿ-ਆਧੁਨਿਕ ਰੋਬੋਟਿਕ ਸਰਜਰੀ ਸਹੂਲਤ ਦਾ ਐਲਾਨ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਹੋਮੀ ਭਾਭਾ ਕੈਂਸਰ ਕਾਨਫਰੰਸ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਕੀਤਾ ਗਿਆ ਸੀ।
ਹਸਪਤਾਲ ਦੇ ਡਾਇਰੈਕਟਰ ਡਾ. ਆਸ਼ੀਸ਼ ਗੁਲੀਆ ਨੇ ਦੱਸਿਆ ਕਿ ਰੋਬੋਟਿਕ ਸਰਜਰੀ ਦੀ ਸਹੂਲਤ ਉੱਤਰੀ ਭਾਰਤ ਦੇ ਗਿਣਤੀ ਦੇ ਹਸਪਤਾਲਾਂ ਵਿੱਚ ਹੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਸੇਵਾ ਦੀ ਸ਼ੁਰੂਆਤ ਵੇਲੇ ਪਹਿਲੇ 80 ਮਰੀਜ਼ਾਂ ਨੂੰ ਮੁਫ਼ਤ ਰੋਬੋਟਿਕ ਸਰਜਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਹਸਪਤਾਲ ਨੇ ਇਸ ਤੋਂ ਵੀ ਅੱਗੇ ਵੱਧਦੇ ਹੋਏ ਛੇ ਮਹੀਨਿਆਂ ਤੋਂ ਘੱਟ ਸਮੇਂ ਵਿੱਚ 100 ਸਫ਼ਲ ਰੋਬੋਟਿਕ ਸਰਜਰੀਆਂ ਕੀਤੀਆਂ ਅਤੇ ਸਾਰੇ ਮਰੀਜ਼ਾਂ ਨੂੰ ਇਹ ਸਹੂਲਤ ਬਿਨਾਂ ਕਿਸੇ ਵਾਧੂ ਲਾਗਤ ਦੇ ਮੁਹੱਈਆ ਕਰਵਾਈ।
ਉਨ੍ਹਾਂ ਦੱਸਿਆ ਕਿ ਨਿਊ ਚੰਡੀਗੜ੍ਹ ਸਥਿਤ ਹਸਪਤਾਲ ਵਿੱਚ ਸਥਾਪਤ ਰੋਬੋਟਿਕ ਸਰਜਰੀ ਯੂਨਿਟ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਹੈ ਅਤੇ ਨਿੱਜੀ ਹਸਪਤਾਲਾਂ ਦੇ ਮੁਕਾਬਲੇ ਕਾਫ਼ੀ ਘੱਟ ਖ਼ਰਚ 'ਤੇ ਇਲਾਜ ਉਪਲਬਧ ਕਰਵਾ ਰਿਹਾ ਹੈ।
ਹਸਪਤਾਲ ਦੇ ਓਨਕੋ ਸਰਜਰੀ ਵਿਭਾਗ ਦੇ ਮੁਖੀ ਡਾ. ਵਿਕਰਮ ਸਿੰਘ ਅਤੇ ਓਨਕੋ ਸਰਜਨ ਡਾ. ਅਰਵਿੰਦ ਗੁਰੂ ਨੇ ਦੱਸਿਆ ਕਿ ਰੋਬੋਟਿਕ ਸਰਜਰੀ ਵਿੱਚ ਰੋਬੋਟ ਸਰਜਨ ਦੀ ਥਾਂ ਨਹੀਂ ਲੈਂਦਾ, ਸਗੋਂ ਪੂਰੀ ਪ੍ਰਕਿਰਿਆ ਦੌਰਾਨ ਸਰਜਨ ਹੀ ਪੂਰਾ ਕੰਟਰੋਲ ਰੱਖਦਾ ਹੈ ਅਤੇ ਸਾਰੇ ਮਹੱਤਵਪੂਰਨ ਫ਼ੈਸਲੇ ਉਸ ਵੱਲੋਂ ਹੀ ਲਏ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਸਰੀਰ ਦੇ ਮੁਸ਼ਕਲ ਹਿੱਸਿਆਂ ਵਿੱਚ ਵੀ ਵਧੇਰੇ ਸਟੀਕਤਾ ਨਾਲ ਆਪ੍ਰੇਸ਼ਨ ਕੀਤਾ ਜਾ ਸਕਦਾ ਹੈ। ਛੋਟੇ ਚੀਰੇ ਲੱਗਣ ਕਾਰਨ ਖੂਨ ਘੱਟ ਵਗਦਾ ਹੈ, ਦਰਦ ਘੱਟ ਹੁੰਦਾ ਹੈ ਅਤੇ ਮਰੀਜ਼ ਜਲਦੀ ਸਿਹਤਯਾਬ ਹੋ ਜਾਂਦਾ ਹੈ। ਹਸਪਤਾਲ ਵੱਲੋਂ 80 ਸਾਲਾ ਮਰੀਜ਼ ਦੀ ਵੀ ਸਫ਼ਲ ਰੋਬੋਟਿਕ ਸਰਜਰੀ ਕੀਤੀ ਗਈ, ਜਿਸ ਦੀ ਆਈਸੀਯੂ ਵਿੱਚ ਰਹਿਣ ਦੀ ਮਿਆਦ ਘੱਟ ਰਹੀ ਅਤੇ ਉਹ ਜਲਦੀ ਠੀਕ ਹੋ ਗਿਆ।
ਹਿੰਦੂਸਥਾਨ ਸਮਾਚਾਰ / GURSHARAN SINGH