
ਸੰਗਰੂਰ, 09 ਜੁਲਾਈ (ਹਿੰ.ਸ.)| ਸੰਗਰੂਰ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਭਵਾਨੀਗੜ੍ਹ-ਸੰਗਰੂਰ ਹਾਈਵੇ 'ਤੇ ਪਿੰਡ ਫੱਗੂਵਾਲਾ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਕੂਟੀ ਸਵਾਰ ਸੱਸ-ਨੂੰਹ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਨੂੰਹ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਸੱਸ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਉਨ੍ਹਾਂ ਨੂੰ ਨਾਜ਼ੁਕ ਹਾਲਤ ਵਿੱਚ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਗਾਂਧੀ ਨਗਰ ਦੀ ਰਹਿਣ ਵਾਲੀ ਪਰਮਜੀਤ ਕੌਰ (ਪਤਨੀ ਜੋਗਿੰਦਰ ਰਾਮ) ਆਪਣੀ ਨੂੰਹ ਮਨਜੀਤ ਕੌਰ (ਪਤਨੀ ਸੋਨੂ ਕੁਮਾਰ) ਨਾਲ ਸਕੂਟੀ 'ਤੇ ਭਵਾਨੀਗੜ੍ਹ ਤੋਂ ਸੰਗਰੂਰ ਵੱਲ ਆ ਰਹੀ ਸੀ। ਜਦੋਂ ਉਹ ਪਿੰਡ ਫੱਗੂਵਾਲਾ ਨੇੜੇ ਹਾਈਵੇ 'ਤੇ ਬਣੇ ਕੱਟ ਕੋਲ ਪਹੁੰਚੀਆਂ ਤਾਂ ਪਿੱਛੇ ਤੋਂ ਆ ਰਹੇ ਇੱਕ ਬੇਕਾਬੂ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਔਰਤਾਂ ਸੜਕ 'ਤੇ ਦੂਰ ਜਾ ਡਿੱਗੀਆਂ ਅਤੇ ਗੰਭੀਰ ਜ਼ਖ਼ਮੀ ਹੋ ਗਈਆਂ।
ਹਾਦਸੇ ਤੋਂ ਤੁਰੰਤ ਬਾਅਦ ਉੱਥੋਂ ਲੰਘ ਰਹੇ ਸੰਗਰੂਰ ਦੇ ਐਸਪੀ ਨਵਰੀਤ ਸਿੰਘ ਤੂਰ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਆਪਣੀ ਸਰਕਾਰੀ ਗੱਡੀ ਰੋਕੀ। ਐਂਬੂਲੈਂਸ ਦੀ ਉਡੀਕ ਕਰਨ ਦੀ ਬਜਾਏ ਉਨ੍ਹਾਂ ਨੇ ਦੋਵੇਂ ਜ਼ਖ਼ਮੀਆਂ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਤੁਰੰਤ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ।
ਹਸਪਤਾਲ ਵਿੱਚ ਡਾਕਟਰਾਂ ਨੇ ਮਨਜੀਤ ਕੌਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਗੰਭੀਰ ਅੰਦਰੂਨੀ ਸੱਟਾਂ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਮਜੀਤ ਕੌਰ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਰਾਰ ਟਰੱਕ ਚਾਲਕ ਖ਼ਿਲਾਫ਼ ਲਾਪਰਵਾਹੀ ਨਾਲ ਵਾਹਨ ਚਲਾਉਣ ਸਮੇਤ ਹੋਰ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH