ਐਮਰਜੈਂਸੀ ਮੌਕੇ ਜ਼ਖਮੀ ਜਾਂ ਕਿਸੇ ਪੀੜਤ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਪ੍ਰਦਾਨ ਕਰਨਾ ਸਭ ਤੋਂ ਵੱਡੀ ਮਾਨਵਤਾਵਾਦੀ ਸੇਵਾ: ਡਾ. ਹਿਮਾਂਸ਼ੂ ਅਗਰਵਾਲ
ਪਟਿਆਲਾ, 09 ਜੁਲਾਈ (ਹਿੰ.ਸ.)| ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਜ਼ਖ਼ਮੀ ਜਾਂ ਪੀੜਤ ਵਿਅਕਤੀ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਣਾ ਸਭ ਤੋਂ ਵੱਡੀ ਮਾਨਵਤਾਵਾਦੀ ਸੇਵਾ ਹੈ। ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਅਤੇ ਫਸਟ ਏਡ
ਰੈੱਡ ਕਰਾਸ ਸੋਸਾਇਟੀ ਦੇ ਮੈਂਬਰ ਡੀ.ਸੀ. ਡਾ. ਹਿਮਾਂਸ਼ੂ ਅਗਰਵਾਲ ਨਾਲ ਗੱਲਬਾਤ ਕਰਦੇ ਹੋਏ।


ਪਟਿਆਲਾ, 09 ਜੁਲਾਈ (ਹਿੰ.ਸ.)| ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਜ਼ਖ਼ਮੀ ਜਾਂ ਪੀੜਤ ਵਿਅਕਤੀ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਣਾ ਸਭ ਤੋਂ ਵੱਡੀ ਮਾਨਵਤਾਵਾਦੀ ਸੇਵਾ ਹੈ। ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਅਤੇ ਫਸਟ ਏਡ ਦੀ ਸਿਖਲਾਈ ਪ੍ਰਾਪਤ ਅਧਿਆਪਕ ਨਾ ਸਿਰਫ਼ ਐਮਰਜੈਂਸੀ ਹਾਲਾਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਮਦਦ ਕਰਨਗੇ, ਸਗੋਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵੀ ਜੀਵਨ ਬਚਾਉਣ ਵਾਲੇ ਹੁਨਰਾਂ ਬਾਰੇ ਸਿਖਲਾਈ ਦੇ ਕੇ ਸੁਰੱਖਿਅਤ ਸਮਾਜ ਦੀ ਸਿਰਜਣਾ ਵਿੱਚ ਅਹਿਮ ਯੋਗਦਾਨ ਪਾਉਣਗੇ।

ਡਾ. ਹਿਮਾਂਸ਼ੂ ਅਗਰਵਾਲ ਸਰਕਾਰੀ ਮਹਿੰਦਰਾ ਕਾਲਜ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਚੇਤਨਾ ਪ੍ਰਾਜੈਕਟ ਤਹਿਤ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਸਕੂਲੀ ਅਧਿਆਪਕਾਂ ਲਈ ਸ਼ੁਰੂ ਕੀਤੇ ਸਿਵਲ ਡਿਫੈਂਸ ਅਤੇ ਫਸਟ ਏਡ ਸਿਖਲਾਈ ਪ੍ਰੋਗਰਾਮ ਦੇ ਪਹਿਲੇ ਬੈਚ ਦੀ ਹੌਂਸਲਾ ਅਫ਼ਜ਼ਾਈ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਮੁੱਢਲੀ ਸਹਾਇਤਾ ਅਤੇ ਸਿਵਲ ਡਿਫੈਂਸ ਦਾ ਬੁਨਿਆਦੀ ਗਿਆਨ ਕਈ ਕੀਮਤੀ ਜਾਨਾਂ ਬਚਾ ਸਕਦਾ ਹੈ। ਇਸ ਲਈ ਹਰ ਨਾਗਰਿਕ ਨੂੰ ਐਮਰਜੈਂਸੀ ਦੌਰਾਨ ਵਰਤੇ ਜਾਣ ਵਾਲੇ ਜੀਵਨ ਰੱਖਿਅਕ ਹੁਨਰਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਤਹਿਤ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ ਅਤੇ ਪਟਿਆਲਾ ਵਿੱਚ ਵੀ ਚੇਤਨਾ ਪ੍ਰਾਜੈਕਟ ਅਧੀਨ ਮੁੱਢਲੀ ਸਹਾਇਤਾ ਦੀ ਸਿਖਲਾਈ ਦੇ ਕੇ ਸਰਟੀਫਿਕੇਟ ਜਾਰੀ ਕੀਤੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਸਿਖਲਾਈ ਪ੍ਰਾਪਤ ਅਧਿਆਪਕਾਂ ਨੂੰ ਆਪਣੇ-ਆਪਣੇ ਸਕੂਲਾਂ ਵਿੱਚ ਮਾਸਟਰ ਟ੍ਰੇਨਰ ਵਜੋਂ ਕੰਮ ਕਰਨ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ ਅਤੇ ਫਸਟ ਏਡ ਦੀ ਟ੍ਰੇਨਿੰਗ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਆਫ਼ਤ ਪ੍ਰਬੰਧਨ, ਐਮਰਜੈਂਸੀ ਪ੍ਰਤੀਕਿਰਿਆ ਅਤੇ ਮੁੱਢਲੀ ਸਹਾਇਤਾ ਸਬੰਧੀ ਜਾਗਰੂਕਤਾ ਵਧਾਉਣ ਨਾਲ ਸਮਾਜ ਨੂੰ ਹੋਰ ਸੁਰੱਖਿਅਤ ਅਤੇ ਸਮਰੱਥ ਬਣਾਇਆ ਜਾ ਸਕਦਾ ਹੈ।

ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਮੁਹਿੰਮ ਤਹਿਤ ਪੜਾਅਵਾਰ ਜ਼ਿਲ੍ਹੇ ਦੇ ਲਗਭਗ 190 ਅਧਿਆਪਕਾਂ ਨੂੰ ਸਿਵਲ ਡਿਫੈਂਸ ਅਤੇ ਫਸਟ ਏਡ ਦੇ ਵਿਹਾਰਕ ਹੁਨਰਾਂ ਨਾਲ ਲੈਸ ਕੀਤਾ ਜਾਵੇਗਾ। ਸਮਾਗਮ ਦੌਰਾਨ ਡਿਪਟੀ ਡੀਈਓ ਡਾ. ਰਵਿੰਦਰਪਾਲ ਸਿੰਘ, ਹੋਮ ਗਾਰਡ ਦੇ ਨੋਡਲ ਅਫ਼ਸਰ ਮੋਹਨਦੀਪ ਸਿੰਘ, ਸਿਵਲ ਡਿਫੈਂਸ ਦੇ ਚੀਫ਼ ਵਾਰਡਨ ਕੇ.ਐਸ. ਸੇਖੋਂ, ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਅਤੇ ਸਿਵਲ ਡਿਫੈਂਸ ਨਾਲ ਜੁੜੇ ਹੋਰ ਅਧਿਕਾਰੀ ਅਤੇ ਵਲੰਟੀਅਰ ਵੀ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande