
ਗੁਰੂਹਰਸਹਾਏ, 09 ਜੁਲਾਈ (ਹਿੰ.ਸ.)| ਗੁਰੂਹਰਸਹਾਏ ਵਿੱਚ ਫਲਾਈਓਵਰ ਨੇੜੇ ਇੱਕ ਸੜਕ ਹਾਦਸਾ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਪਾਣੀ ਵਾਲੇ ਟੈਂਕਰ ਲੈ ਕੇ ਆ ਰਹੇ ਟਰੈਕਟਰ ਨੇ ਪੁਲਿਸ ਦੀ ਡਾਇਲ-112 ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪੁਲਿਸ ਵਾਹਨ ਅਤੇ ਟਰੈਕਟਰ ਦੋਵੇਂ ਨੁਕਸਾਨੇ ਗਏ। ਇਸ ਤੋਂ ਇਲਾਵਾ ਪਿੱਛੇ ਆ ਰਹੀਆਂ 2 ਤੋਂ 3 ਹੋਰ ਗੱਡੀਆਂ ਵੀ ਆਪਸ ਵਿੱਚ ਟਕਰਾ ਗਈਆਂ, ਜਿਸ ਕਾਰਨ ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਿਆ।
ਜਾਣਕਾਰੀ ਮੁਤਾਬਕ, ਡਾਇਲ-112 ਗੱਡੀ ਵਿੱਚ ਸਵਾਰ ਪੁਲਿਸ ਕਰਮਚਾਰੀ ਜਗਤਾਰ ਸਿੰਘ ਲੱਖੋਂ ਕੇ ਬਹਿਰਾਮ ਤੋਂ ਗੁਰੂਹਰਸਹਾਏ ਫਲਾਈਓਵਰ ਵੱਲ ਜਾ ਰਹੇ ਸਨ। ਇਸ ਦੌਰਾਨ ਸ਼ਹੀਦ ਊਧਮ ਸਿੰਘ ਚੌਕ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰੈਕਟਰ, ਜਿਸ ’ਤੇ ਪਾਣੀ ਦਾ ਟੈਂਕਰ ਲੱਗਾ ਹੋਇਆ ਸੀ, ਨੇ ਪੁਲਿਸ ਗੱਡੀ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪੁਲਿਸ ਮੁਲਾਜ਼ਮਾਂ ਦੀਆਂ ਪੱਗਾਂ ਤੱਕ ਉਤਰ ਗਈਆਂ ਅਤੇ ਸਰਕਾਰੀ ਗੱਡੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਹਾਦਸੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਮੌਕੇ ’ਤੇ ਇਕੱਠੇ ਹੋ ਗਏ, ਜਿਸ ਕਾਰਨ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ। ਇਸ ਦੌਰਾਨ ਟਰੈਕਟਰ ਵਿੱਚੋਂ ਮੋਬਿਲ ਆਇਲ ਸੜਕ ’ਤੇ ਫੈਲ ਗਿਆ, ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕੁਝ ਵਾਹਨ ਚਾਲਕ ਫਿਸਲ ਕੇ ਡਿੱਗਦੇ ਵੀ ਨਜ਼ਰ ਆਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਫਰਾਰ ਟਰੈਕਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH