
ਚੰਡੀਗੜ੍ਹ, 01 ਅਗਸਤ (ਹਿੰ.ਸ.)| ਵਿਸ਼ਵ ਲੰਗ ਕੈਂਸਰ ਦਿਵਸ ਮੌਕੇ ਪੰਜਾਬ ਸਰਕਾਰ ਨੇ ਫੇਫੜਾ ਕੈਂਸਰ ਦੇ ਮਰੀਜ਼ਾਂ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਕੋਈ ਵੀ ਵਿਅਕਤੀ ਸਿਰਫ਼ ਇਲਾਜ ਦੇ ਮਹਿੰਗੇ ਖ਼ਰਚ ਕਾਰਨ ਇਲਾਜ ਤੋਂ ਵਾਂਝਾ ਨਹੀਂ ਰਹੇਗਾ। ਮੁੱਖ ਮੰਤਰੀ ਸਿਹਤ ਯੋਜਨਾ (ਐੱਮਐੱਮਐੱਸਵਾਈ) ਤਹਿਤ ਹੁਣ ਤੱਕ 708 ਫੇਫੜਾ ਕੈਂਸਰ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਗਿਆ ਹੈ, ਜਿਸ ਲਈ 3.43 ਕਰੋੜ ਰੁਪਏ ਤੋਂ ਵੱਧ ਦੇ ਕਲੇਮ ਮਨਜ਼ੂਰ ਕੀਤੇ ਗਏ ਹਨ।ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਫੇਫੜਿਆਂ ਦਾ ਕੈਂਸਰ ਦੁਨੀਆ ਦੇ ਸਭ ਤੋਂ ਘਾਤਕ ਕੈਂਸਰਾਂ ਵਿੱਚੋਂ ਇੱਕ ਹੈ, ਪਰ ਸਮੇਂ ਸਿਰ ਜਾਂਚ, ਇਲਾਜ ਅਤੇ ਤੰਬਾਕੂ ਤੋਂ ਦੂਰ ਰਹਿ ਕੇ ਇਸ ਤੋਂ ਬਚਾਅ ਸੰਭਵ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਮਰੀਜ਼ਾਂ ਦਾ ਇਲਾਜ ਕਰਨਾ ਨਹੀਂ, ਸਗੋਂ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਹਰ ਯੋਗ ਵਿਅਕਤੀ ਤੱਕ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਪਹੁੰਚਾਉਣਾ ਵੀ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਨੇ ਤੰਬਾਕੂ ਕੰਟਰੋਲ ਦੇ ਖੇਤਰ ਵਿੱਚ ਦੇਸ਼ ਭਰ ਲਈ ਮਿਸਾਲ ਕਾਇਮ ਕੀਤੀ ਹੈ। ਨੈਸ਼ਨਲ ਫੈਮਲੀ ਹੈਲਥ ਸਰਵੇਖਣ (ਐੱਨਐੱਫਐੱਚਐੱਸ-6) ਅਨੁਸਾਰ ਪੰਜਾਬ ਭਾਰਤ ਦਾ ਸਭ ਤੋਂ ਘੱਟ ਤੰਬਾਕੂ ਸੇਵਨ ਕਰਨ ਵਾਲਾ ਸੂਬਾ ਬਣਿਆ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਜਾਗਰੂਕਤਾ ਮੁਹਿੰਮਾਂ, ਪ੍ਰਭਾਵਸ਼ਾਲੀ ਤੰਬਾਕੂ ਕੰਟਰੋਲ ਨੀਤੀਆਂ ਅਤੇ ਲੋਕਾਂ ਦੀ ਭਾਗੀਦਾਰੀ ਨੂੰ ਦਿੱਤਾ।ਪੰਜਾਬ ਰਾਜ ਸਿਹਤ ਏਜੰਸੀ ਦੇ ਅੰਕੜਿਆਂ ਅਨੁਸਾਰ, ਇਲਾਜ ਪ੍ਰਾਪਤ ਕਰਨ ਵਾਲੇ 708 ਮਰੀਜ਼ਾਂ ਵਿੱਚ 413 ਪੁਰਸ਼ ਅਤੇ 295 ਔਰਤਾਂ ਸ਼ਾਮਲ ਹਨ। ਪੁਰਸ਼ ਮਰੀਜ਼ਾਂ ਦੇ ਇਲਾਜ 'ਤੇ 1.89 ਕਰੋੜ ਰੁਪਏ ਅਤੇ ਔਰਤਾਂ ਦੇ ਇਲਾਜ 'ਤੇ 1.53 ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ਰਚ ਕੀਤੀ ਗਈ ਹੈ।ਉਮਰ ਦੇ ਹਿਸਾਬ ਨਾਲ 61 ਤੋਂ 75 ਸਾਲ ਉਮਰ ਵਰਗ ਦੇ 286 ਮਰੀਜ਼ਾਂ ਨੇ ਸਭ ਤੋਂ ਵੱਧ ਲਾਭ ਲਿਆ ਹੈ। ਇਸ ਤੋਂ ਬਾਅਦ 46 ਤੋਂ 60 ਸਾਲ ਦੇ 247 ਅਤੇ 31 ਤੋਂ 45 ਸਾਲ ਦੇ 100 ਮਰੀਜ਼ਾਂ ਨੂੰ ਯੋਜਨਾ ਦਾ ਫ਼ਾਇਦਾ ਮਿਲਿਆ। ਸਰਕਾਰ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਫੇਫੜਾ ਕੈਂਸਰ ਸਿਰਫ਼ ਬਜ਼ੁਰਗਾਂ ਹੀ ਨਹੀਂ, ਸਗੋਂ ਨੌਜਵਾਨ ਉਮਰ ਵਰਗ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।ਜ਼ਿਲ੍ਹਾ ਪੱਧਰ 'ਤੇ ਬਠਿੰਡਾ ਵਿੱਚ ਸਭ ਤੋਂ ਵੱਧ 179 ਮਰੀਜ਼ਾਂ ਨੂੰ ਇਲਾਜ ਦਿੱਤਾ ਗਿਆ, ਜਦਕਿ ਸੰਗਰੂਰ, ਫ਼ਰੀਦਕੋਟ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਐੱਸ.ਏ.ਐੱਸ. ਨਗਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਠਾਨਕੋਟ ਦੇ ਮਰੀਜ਼ਾਂ ਨੇ ਵੀ ਇਸ ਯੋਜਨਾ ਦਾ ਲਾਭ ਲਿਆ।ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲਗਾਤਾਰ ਖੰਘ, ਛਾਤੀ ਵਿੱਚ ਦਰਦ, ਬਿਨਾਂ ਕਾਰਨ ਭਾਰ ਘਟਣਾ ਅਤੇ ਸਾਹ ਲੈਣ ਵਿੱਚ ਦਿੱਕਤ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਉਨ੍ਹਾਂ ਨੇ ਤੰਬਾਕੂ ਤੋਂ ਦੂਰ ਰਹਿਣ, ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ‘ਸੀਐੱਮ ਦੀ ਯੋਗਸ਼ਾਲਾ’ ਵਰਗੀਆਂ ਪਹਿਲਾਂ ਨਾਲ ਜੁੜ ਕੇ ਤੰਦਰੁਸਤ ਪੰਜਾਬ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।
ਹਿੰਦੂਸਥਾਨ ਸਮਾਚਾਰ / GURSHARAN SINGH