
ਫਰੀਦਕੋਟ, 10 ਅਗਸਤ (ਹਿੰ.ਸ.)| ਫਰੀਦਕੋਟ ਪੁਲਿਸ ਨੇ ਕੋਟਕਪੂਰਾ ਵਿੱਚ ਇੱਕ ਕੈਮਿਸਟ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕਥਿਤ ਤੌਰ ’ਤੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਂ ’ਤੇ ਚਿੱਠੀ ਲਿਖ ਕੇ ਫਿਰੌਤੀ ਦੀ ਮੰਗ ਕਰਦੇ ਸਨ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕੋਟਕਪੂਰਾ ਦੇ ਸੁਰਗਪੁਰੀ ਵਾਸੀ ਅਰੁਣ ਕੁਮਾਰ ਅਤੇ ਮੁਹੱਲਾ ਹਰਨਾਮਪੁਰਾ ਵਾਸੀ ਪੰਕਜ ਕੁਮਾਰ ਵਜੋਂ ਹੋਈ ਹੈ। ਦੋਵਾਂ ਖ਼ਿਲਾਫ਼ ਥਾਣਾ ਸਿਟੀ ਕੋਟਕਪੂਰਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।ਡੀਐੱਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਕੋਟਕਪੂਰਾ ਵਾਸੀ ਕਰਨ ਅਰੋੜਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਕਰਨ ਆਪਣੇ ਪਿਤਾ ਪਰਮਜੀਤ ਕੁਮਾਰ ਨਾਲ ਜੈਤੋ ਰੋਡ ’ਤੇ ਡਾ. ਸੇਠੀ ਹਸਪਤਾਲ ਨੇੜੇ ‘ਆਸ਼ੀਰਵਾਦ ਮੈਡੀਕਲ’ ਨਾਮ ਦੀ ਕੈਮਿਸਟ ਦੀ ਦੁਕਾਨ ਚਲਾਉਂਦੇ ਹਨ। ਪੁਲਿਸ ਮੁਤਾਬਕ 7 ਅਗਸਤ 2026 ਨੂੰ ਸਵੇਰੇ ਕਰੀਬ 8 ਵਜੇ ਜਦੋਂ ਉਨ੍ਹਾਂ ਨੇ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਉੱਥੇ ਇੱਕ ਟਾਈਪ ਕੀਤੀ ਹੋਈ ਚਿੱਠੀ ਮਿਲੀ। ਚਿੱਠੀ ਵਿੱਚ ਖੁਦ ਨੂੰ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਨਾਲ ਸਬੰਧਤ ਦੱਸਦਿਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਅਤੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।ਐੱਸਐੱਸਪੀ ਗੁਰਬੰਸ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਟੀਮ ਨੇ ਹਿਊਮਨ ਇੰਟੈਲੀਜੈਂਸ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਜਾਂਚ ਨੂੰ ਅੱਗੇ ਵਧਾਇਆ। ਜਾਂਚ ਦੌਰਾਨ ਪੁਲਿਸ ਨੇ ਅਰੁਣ ਕੁਮਾਰ ਅਤੇ ਪੰਕਜ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਡੀਐੱਸਪੀ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਕਿਸੇ ਵੀ ਅਪਰਾਧਿਕ ਘਟਨਾ ਦੀ ਸੂਚਨਾ ਮਿਲਦੇ ਹੀ ਉਸ ਨੂੰ ਜਲਦ ਤੋਂ ਜਲਦ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਮਾਮਲੇ ਵਿੱਚ ਵੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਲਿਆ ਹੈ। ਹੁਣ ਪੁੱਛਗਿੱਛ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਦਾ ਅਸਲ ਵਿੱਚ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਗੈਂਗ ਨਾਲ ਕੋਈ ਸਬੰਧ ਹੈ ਜਾਂ ਨਹੀਂ। ਪੁਲਿਸ ਮੁਤਾਬਕ ਜਾਂਚ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH