
ਖਰੜ, 10 ਅਗਸਤ (ਹਿੰ.ਸ.)| ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ, ਪੰਜਾਬ ਵੱਲੋਂ ਆਯੋਜਿਤ 7 ਦਿਨਾਂ ਯੁਵਾ ਆਪਦਾ ਮਿੱਤਰ ਯੋਜਨਾ ਸਿਖਲਾਈ ਪ੍ਰੋਗਰਾਮ ਦਾ ਅੱਜ ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀ ਮਾਜਰਾ ਵਿਖੇ ਸਫਲਤਾਪੂਰਵਕ ਸਮਾਪਨ ਹੋਇਆ। ਇਹ ਪ੍ਰੋਗਰਾਮ ਸ੍ਰੀਮਤੀ ਸ਼੍ਰੁਤੀ ਅਗਰਵਾਲ, ਕੰਸਲਟੈਂਟ, ਆਪਦਾ ਪ੍ਰਬੰਧਨ, ਮਗਸੀਪਾ ਦੀ ਅਗਵਾਈ ਹੇਠ ਕਰਵਾਇਆ ਗਿਆ।
ਸਮਾਪਤੀ ਸਮਾਰੋਹ ਦੌਰਾਨ ਵਾਈਸ ਪ੍ਰਿੰਸੀਪਲ ਰਵਿੰਦਰ ਸਿੰਘ ਵਾਲੀਆ, ਗੁਰਬਖਸ਼ਿਸ਼ ਸਿੰਘ ਅਤੇ ਅਮਰਿੰਦਰ ਸਿੰਘ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੇਰਿਤ ਕੀਤਾ ਕਿ ਉਹ ਸਿਖਲਾਈ ਦੌਰਾਨ ਪ੍ਰਾਪਤ ਗਿਆਨ ਨੂੰ ਸਿਰਫ਼ ਕਲਾਸਰੂਮ ਤੱਕ ਸੀਮਿਤ ਨਾ ਰੱਖਣ, ਸਗੋਂ ਆਪਣੇ ਪਰਿਵਾਰ, ਗੁਆਂਢ ਅਤੇ ਭਾਈਚਾਰੇ ਲਈ ਸੁਰੱਖਿਆ, ਸਹਾਇਤਾ ਅਤੇ ਜਾਗਰੂਕਤਾ ਦਾ ਸਰੋਤ ਬਣਨ। ਸਿਖਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ “ਸਿਖਲਾਈ ਅੱਜ ਸਮਾਪਤ ਹੋ ਰਹੀ ਹੈ, ਪਰ ਯੁਵਾ ਆਪਦਾ ਮਿੱਤਰ ਦੀ ਜ਼ਿੰਮੇਵਾਰੀ ਅੱਜ ਤੋਂ ਸ਼ੁਰੂ ਹੁੰਦੀ ਹੈ।”
ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਮੌਜੂਦ ਸੰਭਾਵਿਤ ਖਤਰਿਆਂ ਦੀ ਪਛਾਣ ਕਰਨ, ਲੋਕਾਂ ਵਿੱਚ ਜਾਗਰੂਕਤਾ ਫੈਲਾਉਣ, ਸੁਰੱਖਿਅਤ ਵਿਵਹਾਰ ਨੂੰ ਉਤਸ਼ਾਹਿਤ ਕਰਨ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਸਿਖਲਾਈ ਪ੍ਰਾਪਤ ਸਹਾਇਤਾ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ, ਕਿਸੇ ਵੀ ਐਮਰਜੈਂਸੀ ਦੌਰਾਨ ਆਪਣੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਤਰਜੀਹ ਦੇਣ ਦਾ ਸੰਦੇਸ਼ ਵੀ ਦਿੱਤਾ ਗਿਆ।
ਸਿਖਲਾਈ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਟ੍ਰੇਨਿੰਗ ਕੋਆਰਡੀਨੇਟਰ ਗੁਲਸ਼ਨ ਹੀਰਾ ਅਤੇ ਸਲੋਨੀ ਸ਼ਰਮਾ, ਜੀਵਨਜੋਤ ਕੌਰ, ਸ਼ਾਇਨਾ ਕੌਰ, ਸੁਮੀਤ ਸਿੰਘ ਅਤੇ ਯੋਗੇਸ਼ ਸ਼ਰਮਾ ਦੇ ਯਤਨਾਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਗਈ।
ਹਿੰਦੂਸਥਾਨ ਸਮਾਚਾਰ / GURSHARAN SINGH