ਅੰਮ੍ਰਿਤਸਰ ਪੁਲਿਸ ਨੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ, 10 ਪਿਸਤੌਲ, 1 ਕਿੱਲੋ ਹੈਰੋਇਨ ਤੇ ਡਰੋਨ ਕੀਤਾ ਬਰਾਮਦ
ਅੰਮ੍ਰਿਤਸਰ, 10 ਅਗਸਤ (ਹਿੰ.ਸ.)| ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ਿਆਂ ਅਤੇ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੋ ਨੈੱਟਵਰਕਾਂ ਦਾ ਪਰਦਾਫਾਸ਼ ਕਰਦਿਆਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਗੈਰਕਾਨੂੰਨੀ ਪਿਸਤੌਲ, 1 ਕਿਲੋ 5
ਅੰਮ੍ਰਿਤਸਰ ਪੁਲਿਸ ਨੇ  ਬਰਾਮਦ ਕੀਤੇ ਹਥਿਆਰ ਅਤੇ ਡਰੋਨ।


ਅੰਮ੍ਰਿਤਸਰ, 10 ਅਗਸਤ (ਹਿੰ.ਸ.)| ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ਿਆਂ ਅਤੇ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੋ ਨੈੱਟਵਰਕਾਂ ਦਾ ਪਰਦਾਫਾਸ਼ ਕਰਦਿਆਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਗੈਰਕਾਨੂੰਨੀ ਪਿਸਤੌਲ, 1 ਕਿਲੋ 54 ਗ੍ਰਾਮ ਹੈਰੋਇਨ, 5 ਜ਼ਿੰਦਾ ਕਾਰਤੂਸ ਅਤੇ ਇੱਕ ਡਰੋਨ ਬਰਾਮਦ ਕੀਤਾ ਹੈ।ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਦੇ ਸਬੰਧ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਅਤੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਨਾਲ ਹਨ। ਪੁਲਿਸ ਵੱਲੋਂ ਇਨ੍ਹਾਂ ਨੈੱਟਵਰਕਾਂ ਦੀਆਂ ਹੋਰ ਕੜੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਕਿਲੋ 54 ਗ੍ਰਾਮ ਹੈਰੋਇਨ, ਜ਼ਿੰਦਾ ਕਾਰਤੂਸ ਅਤੇ ਇੱਕ ਡਰੋਨ ਬਰਾਮਦ ਹੋਇਆ ਹੈ। ਦੂਜੇ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ 10 ਗੈਰਕਾਨੂੰਨੀ ਪਿਸਤੌਲ ਬਰਾਮਦ ਕੀਤੇ ਗਏ ਹਨ। ਪੁਲਿਸ ਅਨੁਸਾਰ ਮੁਲਜ਼ਮਾਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ। ਉਹ ਕਥਿਤ ਤੌਰ ’ਤੇ ਹਥਿਆਰਾਂ ਦੀ ਸਪਲਾਈ, ਲੁੱਟਪਾਟ ਅਤੇ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ। ਪੁਲਿਸ ਦੀ ਸਮੇਂ ਸਿਰ ਕੀਤੀ ਕਾਰਵਾਈ ਨਾਲ ਸੰਭਾਵਿਤ ਵਾਰਦਾਤ ਨੂੰ ਟਾਲ ਦਿੱਤਾ ਗਿਆ।ਪੁਲਿਸ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਸਿੱਧੇ ਤੌਰ ’ਤੇ 15 ਅਗਸਤ ਨਾਲ ਸਬੰਧਤ ਨਹੀਂ ਹੈ। ਹਾਲਾਂਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅੰਮ੍ਰਿਤਸਰ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਗਏ ਹਨ। ਸ਼ਹਿਰ ਵਿੱਚ ਦਿਨ-ਰਾਤ ਪੱਕੇ ਨਾਕੇ ਲਗਾਏ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਵਾਧੂ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਨੇ ਮੋਬਾਈਲ ਫੋਰੈਂਸਿਕ ਰਾਹੀਂ ਮੁਲਜ਼ਮਾਂ ਦੇ ਪਾਕਿਸਤਾਨ ਅਤੇ ਵਿਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਨਾਲ ਪੁਰਾਣੇ ਸੰਪਰਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਆਪਣੇ ਸਥਾਨਕ ਗੁਰਗਿਆਂ ਰਾਹੀਂ ਫਿਰੌਤੀ, ਫਾਇਰਿੰਗ ਅਤੇ ਹੋਰ ਅਪਰਾਧਿਕ ਵਾਰਦਾਤਾਂ ਦੀ ਸਾਜ਼ਿਸ਼ ਰਚਦੇ ਹਨ।ਪੁਲਿਸ ਹੁਣ ਇਨ੍ਹਾਂ ਨੈੱਟਵਰਕਾਂ ਨਾਲ ਜੁੜੇ ਹੋਰ ਵਿਅਕਤੀਆਂ ਦੀ ਭਾਲ ਵਿੱਚ ਜੁਟੀ ਹੋਈ ਹੈ। ਵਿਦੇਸ਼ਾਂ ਵਿੱਚ ਬੈਠੇ ਲੋੜੀਂਦੇ ਅਪਰਾਧੀਆਂ ਨੂੰ ਐਕਸਟ੍ਰਾਡਿਸ਼ਨ ਰਾਹੀਂ ਭਾਰਤ ਲਿਆਉਣ ਦੀ ਪ੍ਰਕਿਰਿਆ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸਰਹੱਦ ਪਾਰੋਂ ਹੋ ਰਹੀ ਨਸ਼ਿਆਂ ਅਤੇ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande