
ਚੰਡੀਗੜ੍ਹ, 10 ਅਗਸਤ (ਹਿੰ.ਸ.)| ਮਲੇਸ਼ੀਆ ਦੇ ਪੇਨਾਂਗ ਸੂਬੇ ਦੇ ਉਪ ਮੁੱਖ ਮੰਤਰੀ ਵਾਈ.ਬੀ ਜਗਦੀਪ ਸਿੰਘ ਦਿਓ ਦੀ ਅਗਵਾਈ ਹੇਠ ਆਏ ਇੱਕ ਉੱਚ-ਪੱਧਰੀ ਵਫ਼ਦ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਇੱਕ ਅਹਿਮ ਮੁਲਾਕਾਤ ਕੀਤੀ। ਇਸ ਉੱਚ-ਪੱਧਰੀ ਬੈਠਕ ਵਿੱਚ 'ਇੰਟਰਨੈਸ਼ਨਲ ਪੰਜਾਬੀ ਹੈਰੀਟੇਜ ਐਂਡ ਕਲਚਰਲ ਫਾਊਂਡੇਸ਼ਨ ਮਲੇਸ਼ੀਆ' ਦੇ ਪ੍ਰਧਾਨ ਪ੍ਰੋਫੈਸਰ ਡਾ. ਬੀ. ਐਸ. ਬੈਂਸ ਅਤੇ ਹੋਰ ਆਗੂ ਵੀ ਹਾਜ਼ਰ ਸਨ।
ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਵਿਚਕਾਰ ਖੇਤਰ ਦੇ ਵਿਕਾਸ, ਆਧੁਨਿਕ ਤਕਨਾਲੋਜੀ, ਇੰਡਸਟਰੀ ਅਤੇ ਰੁਜ਼ਗਾਰ ਵਰਗੇ ਨਵੇਂ ਅਵਸਰ ਪੈਦਾ ਕਰਨ ਵਰਗੇ ਅਹਿਮ ਵਿਸ਼ਿਆਂ 'ਤੇ ਗੰਭੀਰ ਚਰਚਾ ਹੋਈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਭਾਰਤ ਆਰਥਿਕ ਅਤੇ ਸਮਾਜਿਕ ਖੇਤਰ ਵਿੱਚ ਬੁਲੰਦੀਆਂ ਨੂੰ ਛੂਹ ਰਹਾ ਹੈ ਅਤੇ 'ਵਿਕਸਤ ਭਾਰਤ' ਦੇ ਸੰਕਲਪ ਨੂੰ ਸਾਕਾਰ ਕਰਨ ਲਈ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਪੰਜਾਬੀਆਂ ਦੀ ਮਿਹਨਤ ਅਤੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬੀ ਆਪਣੀ ਸਖ਼ਤ ਘਾਲਣਾ ਅਤੇ ਇਮਾਨਦਾਰੀ ਦੇ ਬਲਬੂਤੇ ਪੂਰੀ ਦੁਨੀਆ ਵਿੱਚ ਆਪਣਾ ਅਤੇ ਆਪਣੇ ਨਾਂ ਦਾ ਲੋਹਾ ਮਨਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਗਦੀਪ ਸਿੰਘ ਦਿਓ ਅਤੇ ਉਨ੍ਹਾਂ ਦੇ ਪਰਿਵਾਰ ਦਾ ਮਲੇਸ਼ੀਆ ਦੀ ਰਾਜਨੀਤੀ ਵਿੱਚ ਉੱਚੇ ਅਹੁਦਿਆਂ 'ਤੇ ਸੇਵਾ ਨਿਭਾਉਣਾ ਸਮੁੱਚੇ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਮਾਣ ਅਤੇ ਫ਼ਖ਼ਰ ਵਾਲੀ ਗੱਲ ਹੈ।
ਮੁਲਾਕਾਤ ਦੌਰਾਨ ਜਗਦੀਪ ਸਿੰਘ ਦਿਓ ਨੇ ਪੇਨਾਂਗ ਵਿੱਚ ਸਥਿਤ 123 ਸਾਲ ਪੁਰਾਣੇ ਇਤਿਹਾਸਕ ਵੱਡਾ ਗੁਰਦੁਆਰਾ ਸਾਹਿਬ ਦੀ ਹੋਈ ਨਵੀਨੀਕਰਣ ਤੋਂ ਬਾਅਦ ਕਰਵਾਏ ਜਾ ਰਹੇ ਵਿਸ਼ੇਸ਼ ਉਦਘਾਟਨੀ ਸਮਾਗਮ ਲਈ ਕੇਵਲ ਸਿੰਘ ਢਿੱਲੋਂ ਨੂੰ ਰਸਮੀ ਤੌਰ 'ਤੇ ਸੱਦਾ ਪੱਤਰ ਦਿੱਤਾ।
ਹਿੰਦੂਸਥਾਨ ਸਮਾਚਾਰ / GURSHARAN SINGH