
ਜਲੰਧਰ, 10 ਅਗਸਤ (ਹਿੰ.ਸ.)| ਜਲੰਧਰ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਕੁਝ ਨੌਜਵਾਨਾਂ ਵੱਲੋਂ ਇੱਕ ਘਰ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਐਤਵਾਰ ਦੇਰ ਰਾਤ ਕਰੀਬ 3 ਵਜੇ ਦੀ ਦੱਸੀ ਜਾ ਰਹੀ ਹੈ। ਹਮਲਾਵਰਾਂ ਨੇ ਘਰ ’ਤੇ ਹਮਲਾ ਕਰਨ ਦੇ ਨਾਲ ਗਲੀ ਵਿੱਚ ਖੜ੍ਹੀਆਂ ਦੋ ਕਾਰਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ। ਮੌਕੇ ਤੋਂ ਪੁਲਿਸ ਨੂੰ ਗੋਲੀਆਂ ਦੇ ਦੋ ਖੋਲ ਮਿਲੇ ਹਨ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ।ਬੂਟਾ ਪਿੰਡ ਵਾਸੀ ਰੇਖਾ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਘਰ ਵਿੱਚ ਸੁੱਤੀ ਹੋਈ ਸੀ। ਇਸ ਦੌਰਾਨ ਇਲਾਕੇ ਦੇ ਕੁਝ ਨੌਜਵਾਨ ਪੁਰਾਣੀ ਕਹਾਸੁਣੀ ਦੀ ਰੰਜਿਸ਼ ਕਾਰਨ ਤੇਜ਼ ਰਫ਼ਤਾਰ ਬਾਈਕ ’ਤੇ ਉਨ੍ਹਾਂ ਦੀ ਗਲੀ ਵਿੱਚ ਪਹੁੰਚੇ। ਰੇਖਾ ਮੁਤਾਬਕ ਨੌਜਵਾਨਾਂ ਨੇ ਘਰ ਦੇ ਬਾਹਰ ਬਾਈਕ ਰੋਕੀ ਅਤੇ ਹੇਠਾਂ ਉਤਰ ਕੇ ਗਾਲੀ-ਗਲੌਚ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਘਰ ’ਤੇ ਹਮਲਾ ਕਰਦਿਆਂ ਖਿੜਕੀ ਤੋੜ ਦਿੱਤੀ ਅਤੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ।ਰੇਖਾ ਨੇ ਦੱਸਿਆ ਕਿ ਹਮਲਾਵਰਾਂ ਤੋਂ ਡਰਦਿਆਂ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਘਰ ਦੀ ਛੱਤ ’ਤੇ ਚਲੀ ਗਈ। ਇਸ ਦੌਰਾਨ ਹਮਲਾਵਰ ਗਾਲੀ-ਗਲੌਚ ਕਰਦੇ ਰਹੇ ਅਤੇ ਕਥਿਤ ਤੌਰ ’ਤੇ ਘਰ ’ਤੇ ਫਾਇਰਿੰਗ ਕੀਤੀ। ਗੋਲੀਆਂ ਚਲਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।ਥਾਣਾ ਨੰਬਰ-6 ਦੀ ਐੱਸਐੱਚਓ ਰਾਜਵੰਤ ਕੌਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਸੀ। ਪੁਲਿਸ ਨੂੰ ਮੌਕੇ ਤੋਂ ਗੋਲੀਆਂ ਦੇ ਦੋ ਖੋਲ ਬਰਾਮਦ ਹੋਏ ਹਨ।ਐੱਸਐੱਚਓ ਮੁਤਾਬਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤਾਂ ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH