ਬਿਆਸ ਤੇ ਸਤਲੁਜ ਦੇ ਕਮਜ਼ੋਰ ਹਿੱਸਿਆਂ ਨੂੰ ਮਜ਼ਬੂਤ ਕਰ ਰਹੀ ਪੰਜਾਬ ਸਰਕਾਰ: ਬਰਿੰਦਰ ਗੋਇਲ
ਚੰਡੀਗੜ੍ਹ, 10 ਅਗਸਤ (ਹਿੰ.ਸ.)| ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪੰਜਾਬ ਵਿਧਾਨ ਸਭਾ ਵਿੱਚ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਜਾਨ-ਮਾਲ, ਪਿੰਡਾਂ ਅਤੇ ਵਾਹੀਯੋਗ ਜ਼ਮੀਨ ਦੀ ਸੁਰੱਖਿਆ ਲਈ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਕਮਜ਼ੋਰ ਹਿੱਸਿਆਂ ਨੂੰ ਮਜ਼ਬੂਤ ਕਰਨ ਲਈ ਸਰਕਾ
ਪੰਜਾਬ ਵਿਧਾਨ ਸਭਾ ਦੌਰਾਨ ਸੰਬੋਧਨ ਕਰਦੇ ਹੋਏ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ।


ਚੰਡੀਗੜ੍ਹ, 10 ਅਗਸਤ (ਹਿੰ.ਸ.)| ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪੰਜਾਬ ਵਿਧਾਨ ਸਭਾ ਵਿੱਚ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਜਾਨ-ਮਾਲ, ਪਿੰਡਾਂ ਅਤੇ ਵਾਹੀਯੋਗ ਜ਼ਮੀਨ ਦੀ ਸੁਰੱਖਿਆ ਲਈ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਕਮਜ਼ੋਰ ਹਿੱਸਿਆਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਵਿਆਪਕ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਵੱਲੋਂ ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕਰਕੇ ਤਕਨੀਕੀ ਆਧਾਰ ’ਤੇ ਹੜ੍ਹ ਸੁਰੱਖਿਆ ਕੰਮਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।ਵਿਧਾਨ ਸਭਾ ਵਿੱਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਰਜਨੀਸ਼ ਕੁਮਾਰ ਦਹੀਆ ਵੱਲੋਂ ਬਿਆਸ ਅਤੇ ਸਤਲੁਜ ਨਾਲ ਸਬੰਧਤ ਹੜ੍ਹ ਸੁਰੱਖਿਆ ਢਾਂਚਿਆਂ ਬਾਰੇ ਲਿਆਂਦੇ ਧਿਆਨ ਦਿਵਾਊ ਨੋਟਿਸਾਂ ਦਾ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਕਮਜ਼ੋਰ ਥਾਵਾਂ ਦਾ ਵਿਸਥਾਰਤ ਸਰਵੇਖਣ ਕਰਵਾਇਆ ਗਿਆ। ਇਸ ਤੋਂ ਬਾਅਦ ਸੁਪਰਡੈਂਟਿੰਗ ਇੰਜੀਨੀਅਰਾਂ ਅਤੇ ਮੁੱਖ ਇੰਜੀਨੀਅਰਾਂ ਦੀਆਂ ਕਮੇਟੀਆਂ ਨੇ ਮੌਕੇ ਦਾ ਨਿਰੀਖਣ ਕਰਕੇ ਲੋੜੀਂਦੇ ਕੰਮਾਂ ਨੂੰ ਤਰਜੀਹ ਦਿੱਤੀ।ਮੰਤਰੀ ਨੇ ਦੱਸਿਆ ਕਿ ਬਿਆਸ ਦਰਿਆ ਦੇ ਨਾਲ ਕਈ ਸੰਵੇਦਨਸ਼ੀਲ ਥਾਵਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚ ਅੰਮ੍ਰਿਤਪੁਰ, ਭਰੋਆਣਾ, ਸ਼ੇਖ ਮਾਂਗਾ, ਸਰੂਪਵਾਲ, ਭਾਗੋਬੁੱਢਾ, ਆਲੂਵਾਲ, ਲੋਧੀਵਾਲ, ਗਿੱਦੜਪਿੰਡੀ, ਬਾਊਪੁਰ ਆਈਲੈਂਡ, ਆਹਲੀ ਖੁਰਦ, ਆਹਲੀ ਕਲਾਂ, ਚੂਹੜਪੁਰ, ਸ਼ੇਰਪੁਰ ਡੋਗਰਾ, ਖਿਜ਼ਰਪੁਰ, ਮਨਸੂਰਵਾਲ, ਬੁਤਾਲਾ, ਢਿੱਲਵਾਂ, ਗੋਇੰਦਵਾਲ, ਵੈਰੋਵਾਲ ਅਤੇ ਹੰਸਾਵਾਲਾ ਸਮੇਤ ਹੋਰ ਇਲਾਕੇ ਸ਼ਾਮਲ ਹਨ।ਇਨ੍ਹਾਂ ਸੰਵੇਦਨਸ਼ੀਲ ਥਾਵਾਂ ’ਤੇ ਰਾਜ ਦੇ ਫੰਡਾਂ ਰਾਹੀਂ 32.09 ਕਰੋੜ ਰੁਪਏ ਦੇ ਹੜ੍ਹ ਸੁਰੱਖਿਆ ਕੰਮ ਕੀਤੇ ਗਏ ਹਨ। ਮੰਤਰੀ ਮੁਤਾਬਕ 12 ਕੰਮ ਮੁਕੰਮਲ ਹੋ ਚੁੱਕੇ ਹਨ, ਜਦਕਿ ਇੱਕ ਕੰਮ ਹਾਲੇ ਪ੍ਰਗਤੀ ਅਧੀਨ ਹੈ। ਇਨ੍ਹਾਂ ਵਿੱਚ ਬੰਨ੍ਹਾਂ ਦੀ ਮਜ਼ਬੂਤੀ, ਰਿਵੇਟਮੈਂਟ, ਸਪਰਸ ਅਤੇ ਸਟੱਡਸ ਦਾ ਨਿਰਮਾਣ ਅਤੇ ਦਰਿਆ ਦੇ ਕਟਾਅ ਨੂੰ ਰੋਕਣ ਵਾਲੇ ਕੰਮ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਮਗਨਰੇਗਾ ਤਹਿਤ ਵੀ ਆਹਲੀ ਕਲਾਂ, ਆਹਲੀ ਖੁਰਦ, ਸਫ਼ਦਰਪੁਰ-ਖਿਜ਼ਰਪੁਰ ਅਤੇ ਘੜਕਾ ਨੇੜੇ 11.98 ਕਰੋੜ ਰੁਪਏ ਦੇ ਹੜ੍ਹ ਸੁਰੱਖਿਆ ਅਤੇ ਦਰਿਆਈ ਕੰਢਿਆਂ ਨੂੰ ਕਟਾਅ ਤੋਂ ਬਚਾਉਣ ਦੇ ਕੰਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਹੜ੍ਹ ਸੀਜ਼ਨਾਂ ਦੌਰਾਨ ਬਿਆਸ ਦੇ ਇਸ ਹਿੱਸੇ ਵਿੱਚ ਕਿਸੇ ਵੀ ਹੜ੍ਹ ਸੁਰੱਖਿਆ ਬੰਨ੍ਹ ਵਿੱਚ ਪਾੜ ਨਹੀਂ ਪਿਆ।ਸਤਲੁਜ ਦਰਿਆ ਨਾਲ ਸਬੰਧਤ ਮਾਮਲੇ ’ਤੇ ਮੰਤਰੀ ਨੇ ਦੱਸਿਆ ਕਿ ਮਮਦੋਟ ਖੇਤਰ ਦੇ ਕਈ ਪਿੰਡ ਦਰਿਆ ਦੇ ਖੱਬੇ ਕੰਢੇ ’ਤੇ ਸਥਿਤ ਹਨ। ਪਿਛਲੇ ਹੜ੍ਹਾਂ ਦੌਰਾਨ ਕੁਝ ਸਪੱਰ ਅਤੇ ਸਟੱਡਸ ਨੁਕਸਾਨੇ ਗਏ ਸਨ, ਹਾਲਾਂਕਿ ਮੁੱਖ ਹੜ੍ਹ ਸੁਰੱਖਿਆ ਬੰਨ੍ਹ ਸੁਰੱਖਿਅਤ ਰਿਹਾ।ਮੰਤਰੀ ਨੇ ਦੱਸਿਆ ਕਿ ਗੰਧੂ ਕਿਲਚਾ ਹਿਠਾੜ ਵਿਖੇ ਨਵਾਂ ਸਪੱਰ, 700 ਫੁੱਟ ਜਿਓ-ਬੈਗ ਰਿਵੇਟਮੈਂਟ ਅਤੇ ਪੰਜ ਸਟੱਡਸ ਬਣਾਏ ਗਏ ਹਨ। ਇਨ੍ਹਾਂ ਕੰਮਾਂ ’ਤੇ ਲਗਭਗ 5 ਕਰੋੜ ਰੁਪਏ ਖਰਚ ਕੀਤੇ ਗਏ ਹਨ। ਨੁਕਸਾਨੇ ਢਾਂਚਿਆਂ ਦੀ ਮੁਰੰਮਤ ਅਤੇ ਮੁੜ ਨਿਰਮਾਣ ਲਈ ਡੀਪੀਆਰ ਵੀ ਭਾਰਤ ਸਰਕਾਰ ਨੂੰ ਮਨਜ਼ੂਰੀ ਲਈ ਭੇਜੀ ਗਈ ਹੈ। ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਤਰਜੀਹ ਦੇ ਆਧਾਰ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਥਾਵਾਂ ’ਤੇ ਸਮੇਂ ਸਿਰ ਰੋਕਥਾਮੀ ਕਦਮ ਚੁੱਕ ਕੇ ਲੋਕਾਂ ਦੀ ਜਾਨ-ਮਾਲ ਅਤੇ ਵਾਹੀਯੋਗ ਜ਼ਮੀਨ ਨੂੰ ਹੜ੍ਹਾਂ ਅਤੇ ਦਰਿਆਈ ਕਟਾਅ ਤੋਂ ਬਚਾਉਣਾ ਸਰਕਾਰ ਦੀ ਮੁੱਖ ਤਰਜੀਹ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande