ਬਰਨ ਕੇਅਰ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਜੋੜਿਆ, ਅੱਗ ਨਾਲ ਝੁਲਸਣ ਵਾਲੇ 265 ਦਾ ਹੋਇਆ ਮੁਫ਼ਤ ਇਲਾਜ: ਡਾ. ਬਲਬੀਰ ਸਿੰਘ
ਚੰਡੀਗੜ੍ਹ, 11 ਅਗਸਤ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਤਹਿਤ ਬਰਨ ਕੇਅਰ ਨੂੰ ਕੈਸ਼ਲੈੱਸ ਸਹੂਲਤ ਨਾਲ ਜੋੜਿਆ ਗਿਆ ਹੈ। ਯੋਜਨਾ ਤਹਿਤ ਹੁਣ ਤੱਕ ਅੱਗ ਨਾਲ ਝੁਲਸਣ ਦੇ 265 ਇਲਾਜਾਂ ’ਤੇ 1.39 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਪੰਜਾਬ ਰਾਜ ਸਿਹਤ ਏਜੰਸੀ (ਐਸਐਚਏ) ਦੇ ਅੰ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ


ਚੰਡੀਗੜ੍ਹ, 11 ਅਗਸਤ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਤਹਿਤ ਬਰਨ ਕੇਅਰ ਨੂੰ ਕੈਸ਼ਲੈੱਸ ਸਹੂਲਤ ਨਾਲ ਜੋੜਿਆ ਗਿਆ ਹੈ। ਯੋਜਨਾ ਤਹਿਤ ਹੁਣ ਤੱਕ ਅੱਗ ਨਾਲ ਝੁਲਸਣ ਦੇ 265 ਇਲਾਜਾਂ ’ਤੇ 1.39 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਪੰਜਾਬ ਰਾਜ ਸਿਹਤ ਏਜੰਸੀ (ਐਸਐਚਏ) ਦੇ ਅੰਕੜਿਆਂ ਮੁਤਾਬਕ 31 ਤੋਂ 45 ਸਾਲ ਦੀ ਉਮਰ ਦੇ ਪੁਰਸ਼ਾਂ ਵਿੱਚ ਸਭ ਤੋਂ ਵੱਧ 61 ਇਲਾਜ ਦਰਜ ਕੀਤੇ ਗਏ, ਜਿਨ੍ਹਾਂ ’ਤੇ 31.82 ਲੱਖ ਰੁਪਏ ਖ਼ਰਚ ਹੋਏ। ਇਸੇ ਤਰ੍ਹਾਂ 0 ਤੋਂ 18 ਸਾਲ ਦੀ ਉਮਰ ਦੇ 39 ਲੜਕਿਆਂ ਅਤੇ 27 ਲੜਕੀਆਂ ਦਾ ਇਲਾਜ ਕੀਤਾ ਗਿਆ। ਔਰਤਾਂ ਵਿੱਚ 19 ਤੋਂ 30 ਸਾਲ ਦੀ ਉਮਰ ਵਰਗ ਦੇ 26 ਅਤੇ 31 ਤੋਂ 45 ਸਾਲ ਦੀਆਂ 21 ਔਰਤਾਂ ਦੇ ਇਲਾਜ ਹੋਏ।ਇਹ ਅੰਕੜੇ ਦਰਸਾਉਂਦੇ ਹਨ ਕਿ ਅੱਗ ਨਾਲ ਝੁਲਸਣ ਵਾਲੇ ਮਰੀਜ਼ਾਂ ਵਿੱਚ ਬੱਚਿਆਂ, ਨੌਜਵਾਨਾਂ ਅਤੇ ਕੰਮਕਾਜੀ ਉਮਰ ਦੇ ਲੋਕਾਂ ਦੀ ਗਿਣਤੀ ਕਾਫ਼ੀ ਹੈ। ਮੈਡੀਕਲ ਖੋਜ ਵੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਬਰਨ ਇੰਜਰੀ ਦਾ ਪ੍ਰਭਾਵ ਲੰਮੇ ਸਮੇਂ ਤੱਕ ਰਹਿ ਸਕਦਾ ਹੈ। ਪੰਜਾਬ ਦੇ ਇੱਕ ਤੀਜੇ ਦਰਜੇ ਦੇ ਹਸਪਤਾਲ ਵਿੱਚ 892 ਬਰਨ ਮਰੀਜ਼ਾਂ ’ਤੇ ਕੀਤੇ ਅਧਿਐਨ ਵਿੱਚ 79 ਫ਼ੀਸਦੀ ਮਰੀਜ਼ 15 ਤੋਂ 45 ਸਾਲ ਦੀ ਉਮਰ ਦੇ ਪਾਏ ਗਏ ਸਨ। ਬਰਨ ਇੰਜਰੀ ਤੋਂ ਬਾਅਦ ਹੋਣ ਵਾਲੇ ਪੋਸਟ-ਬਰਨ ਕੰਟਰੈਕਚਰ ਦੇ 75 ਇਲਾਜ ਵੀ ਯੋਜਨਾ ਤਹਿਤ ਕੀਤੇ ਗਏ, ਜਿਨ੍ਹਾਂ ’ਤੇ 38.90 ਲੱਖ ਰੁਪਏ ਖ਼ਰਚ ਹੋਏ। ਕੰਟਰੈਕਚਰ ਵਿੱਚ ਝੁਲਸਣ ਤੋਂ ਬਾਅਦ ਬਣਿਆ ਸਕਾਰ ਟਿਸ਼ੂ ਸੁੰਗੜ ਜਾਂਦਾ ਹੈ, ਜਿਸ ਕਾਰਨ ਸਰੀਰ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਰੋਜ਼ਾਨਾ ਦੇ ਕੰਮ ਕਰਨਾ ਮੁਸ਼ਕਲ ਹੋ ਸਕਦਾ ਹੈ।ਇਸ ਤੋਂ ਇਲਾਵਾ ਸੜੀ ਹੋਈ ਚਮੜੀ ਦੇ ਇਲਾਜ, ਟਿਸ਼ੂ ਐਕਸਪੈਂਡਰ, ਬਿਜਲੀ ਅਤੇ ਰਸਾਇਣਾਂ ਕਾਰਨ ਹੋਏ ਬਰਨ, ਐਂਟੀਬਾਇਓਟਿਕ ਡ੍ਰੈਸਿੰਗ, ਸਕਿਨ ਫਲੈਪ, ਡਿਬ੍ਰਾਈਡਮੈਂਟ ਅਤੇ ਕੰਨ-ਨੱਕ ਦੇ ਮੁੜ-ਨਿਰਮਾਣ ਵਰਗੀਆਂ ਪ੍ਰਕਿਰਿਆਵਾਂ ਵੀ ਯੋਜਨਾ ਤਹਿਤ ਸ਼ਾਮਲ ਹਨ।ਜ਼ਿਲ੍ਹਾ-ਵਾਰ ਅੰਕੜਿਆਂ ਵਿੱਚ ਬਠਿੰਡਾ ਸਭ ਤੋਂ ਅੱਗੇ ਰਿਹਾ, ਜਿੱਥੇ 57 ਲਾਭਪਾਤਰੀਆਂ ਨੂੰ 63 ਇਲਾਜ ਮੁਹੱਈਆ ਕਰਵਾਏ ਗਏ ਅਤੇ 33.51 ਲੱਖ ਰੁਪਏ ਖ਼ਰਚ ਹੋਏ। ਇਸ ਤੋਂ ਬਾਅਦ ਫ਼ਰੀਦਕੋਟ ਵਿੱਚ 40 ਅਤੇ ਪਟਿਆਲਾ ਵਿੱਚ 39 ਲਾਭਪਾਤਰੀ ਦਰਜ ਕੀਤੇ ਗਏ। ਰੂਪਨਗਰ, ਐੱਸ.ਏ.ਐੱਸ. ਨਗਰ ਅਤੇ ਫ਼ਤਿਹਗੜ੍ਹ ਸਾਹਿਬ ਵਿੱਚ ਇੱਕ-ਇੱਕ ਲਾਭਪਾਤਰੀ ਦਰਜ ਕੀਤਾ ਗਿਆ।ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅੱਗ ਨਾਲ ਝੁਲਸਣ ਤੋਂ ਬਾਅਦ ਮਰੀਜ਼ ਦੀ ਸਿਹਤਯਾਬੀ ਲੰਮੀ ਪ੍ਰਕਿਰਿਆ ਹੋ ਸਕਦੀ ਹੈ, ਜਿਸ ਵਿੱਚ ਵਾਰ-ਵਾਰ ਡ੍ਰੈਸਿੰਗ, ਮੈਡੀਕਲ ਪ੍ਰਕਿਰਿਆਵਾਂ, ਪੁਨਰ-ਨਿਰਮਾਣ ਅਤੇ ਮੁੜ ਵਸੇਬਾ ਸ਼ਾਮਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੈਸ਼ਲੈੱਸ ਇਲਾਜ ਨਾਲ ਪਰਿਵਾਰਾਂ ਨੂੰ ਹਸਪਤਾਲ ਦੇ ਖ਼ਰਚੇ ਦੀ ਚਿੰਤਾ ਤੋਂ ਰਾਹਤ ਮਿਲਦੀ ਹੈ ਅਤੇ ਉਹ ਮਰੀਜ਼ ਦੀ ਰਿਕਵਰੀ ’ਤੇ ਧਿਆਨ ਦੇ ਸਕਦੇ ਹਨ।ਮੰਤਰੀ ਨੇ ਕਿਹਾ ਕਿ ਅੱਗ ਨਾਲ ਝੁਲਸਣ ਵਾਲੇ ਮਰੀਜ਼ਾਂ ਨੂੰ ਸਮੇਂ ਸਿਰ ਵਿਆਪਕ ਇਲਾਜ ਮੁਹੱਈਆ ਕਰਵਾਉਣਾ ਸਰਕਾਰ ਦੀ ਤਰਜੀਹ ਹੈ, ਤਾਂ ਜੋ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਸਿਹਤ, ਕਾਰਜਸ਼ੀਲਤਾ ਅਤੇ ਆਤਮ-ਵਿਸ਼ਵਾਸ ਨੂੰ ਮੁੜ ਬਹਾਲ ਕਰਨ ਵਿੱਚ ਮਦਦ ਮਿਲ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande