
ਚੰਡੀਗੜ੍ਹ, 11 ਅਗਸਤ (ਹਿੰ.ਸ.)| ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਵਿਦੇਸ਼ ਬੈਠੇ ਗੈਂਗਸਟਰ ਦੀਪਕ ਨੰਦਲ ਦੇ ਨੈੱਟਵਰਕ ਨਾਲ ਜੁੜੇ ਹਥਿਆਰ ਸਪਲਾਈ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਤਿੰਨ ਦੀਪਕ ਨੰਦਲ ਦੇ ਕਥਿਤ ਗੁਰਗੇ ਹਨ, ਜਦਕਿ ਚੌਥਾ ਮੁਲਜ਼ਮ ਪਾਕਿਸਤਾਨ ਵਿੱਚ ਬੈਠੇ ਹਥਿਆਰ ਸਪਲਾਇਰ ਦੇ ਸੰਪਰਕ ਵਿੱਚ ਸੀ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 3 ਵਿਦੇਸ਼ੀ ਪਿਸਤੌਲ, 2 ਮੈਗਜ਼ੀਨ ਅਤੇ 19 ਜ਼ਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਐਸਪੀ ਗੀਤਾਂਜਲੀ ਖੰਡੇਵਾਲਾ ਮੁਤਾਬਕ, ਆਪਰੇਸ਼ਨ ਸੈੱਲ ਦੀ ਟੀਮ 3 ਅਗਸਤ ਨੂੰ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਤਹਿਤ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਤਿੰਨ ਨੌਜਵਾਨਾਂ ਅਜੈ, ਰੋਹਿਤ ਅਤੇ ਦੇਵ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਕਥਿਤ ਤੌਰ ’ਤੇ ਜ਼ਿਗਾਨਾ ਪਿਸਤੌਲ ਅਤੇ ਚੀਨ ਦੀ ਬਣੀ ਪੀਐਕਸ3 ਪਿਸਤੌਲ ਬਰਾਮਦ ਹੋਈਆਂ। ਪੁੱਛਗਿੱਛ ਅਤੇ ਅਗਲੀ ਜਾਂਚ ਦੌਰਾਨ ਪੁਲਿਸ ਹਥਿਆਰ ਸਪਲਾਇਰ ਨਿਸ਼ਾਨ ਸਿੰਘ ਤੱਕ ਪਹੁੰਚੀ ਅਤੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਅੰਮ੍ਰਿਤਸਰ ਸਰਹੱਦੀ ਇਲਾਕੇ ਦੇ ਪਿੰਡ ਕੱਕਰ ਦਾ ਰਹਿਣ ਵਾਲਾ ਨਿਸ਼ਾਨ ਸਿੰਘ ਪਾਕਿਸਤਾਨ ਵਿੱਚ ਬੈਠੇ ਇੱਕ ਕਥਿਤ ਹਥਿਆਰ ਸਪਲਾਇਰ ਦੇ ਸੰਪਰਕ ਵਿੱਚ ਸੀ। ਪੁਲਿਸ ਮੁਤਾਬਕ, ਨਿਸ਼ਾਨ ਸਿੰਘ ਆਪਣੇ ਖੇਤ ਵਿੱਚ ਡਰੋਨ ਰਾਹੀਂ ਹਥਿਆਰਾਂ ਦੀਆਂ ਖੇਪਾਂ ਮੰਗਵਾਉਂਦਾ ਸੀ ਅਤੇ ਬਾਅਦ ਵਿੱਚ ਇਨ੍ਹਾਂ ਨੂੰ ਗੈਂਗ ਨਾਲ ਜੁੜੇ ਲੋਕਾਂ ਤੱਕ ਪਹੁੰਚਾਉਂਦਾ ਸੀ। ਉਸ ਦੇ ਕਬਜ਼ੇ ਵਿੱਚੋਂ ਚੀਨ ਦੀ ਬਣੀ ਇੱਕ ਪੀਐਕਸ3 ਪਿਸਤੌਲ, ਇੱਕ ਮੈਗਜ਼ੀਨ ਅਤੇ 8 ਜ਼ਿੰਦਾ ਕਾਰਤੂਸ ਬਰਾਮਦ ਹੋਣ ਦੀ ਗੱਲ ਪੁਲਿਸ ਨੇ ਕਹੀ ਹੈ।
ਪੁਲਿਸ ਅਨੁਸਾਰ, ਅਜੈ, ਰੋਹਿਤ ਅਤੇ ਦੇਵ ਕਥਿਤ ਤੌਰ ’ਤੇ ਵਿਦੇਸ਼ ਬੈਠੇ ਗੈਂਗਸਟਰ ਦੀਪਕ ਨੰਦਲ ਦੇ ਸੰਪਰਕ ਵਿੱਚ ਸਨ। ਦੋਸ਼ ਹੈ ਕਿ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਗੈਂਗ ਨਾਲ ਜੋੜਿਆ ਗਿਆ ਸੀ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਤਿੰਨਾਂ ਨੇ ਗੁਰਗਾਓਂ ਵਿੱਚ ਇੱਕ ਨਿਸ਼ਾਨੇ ਦੀ ਰੇਕੀ ਕੀਤੀ ਸੀ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਫਿਰੌਤੀ ਲਈ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਪੁਲਿਸ ਮੁਤਾਬਕ ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਦਾ ਗੈਂਗ ਨਾਲ ਸੰਪਰਕ ਹੋਇਆ ਸੀ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਗੈਂਗਸਟਰ ਦੀਪਕ ਨੰਦਲ ਅਤੇ ਉਸ ਦੇ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀਆਂ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH