
ਚੰਡੀਗੜ੍ਹ, 11 ਅਗਸਤ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਦੁਰਵਰਤੋਂ ਖ਼ਿਲਾਫ਼ ਜਾਰੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਮਜ਼ਬੂਤ ਕਰਦਿਆਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਰੋਕਥਾਮ ਲਈ 12 ਜ਼ਿਲ੍ਹਿਆਂ ਵਿੱਚ ਅਧਿਆਪਕਾਂ ਲਈ ਜਾਗਰੂਕਤਾ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪਹਿਲ ਤਹਿਤ 21,850 ਤੋਂ ਵੱਧ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਅਤੇ ਨਸ਼ਿਆਂ ਦੀ ਵਰਤੋਂ ਦੇ ਸ਼ੁਰੂਆਤੀ ਸੰਕੇਤ ਪਛਾਣਨ ਲਈ ਸਿਖਲਾਈ ਦਿੱਤੀ ਜਾਵੇਗੀ।ਪ੍ਰੋਗਰਾਮ ਦੀ ਸ਼ੁਰੂਆਤ ਫ਼ਾਜ਼ਿਲਕਾ ਅਤੇ ਤਰਨ ਤਾਰਨ ਤੋਂ ਕੀਤੀ ਗਈ, ਜਿੱਥੇ ਪਿਛਲੇ ਹਫ਼ਤੇ 800 ਤੋਂ ਵੱਧ ਅਧਿਆਪਕਾਂ ਨੇ ਸਿਖਲਾਈ ਵਰਕਸ਼ਾਪਾਂ ਵਿੱਚ ਹਿੱਸਾ ਲਿਆ। ਸਰਕਾਰ ਮੁਤਾਬਕ ਇਹ ਪਹਿਲ ਸਕੂਲਾਂ ਵਿੱਚ ਪਹਿਲਾਂ ਕਰਵਾਏ ਗਏ ਜਾਗਰੂਕਤਾ ਪ੍ਰੋਗਰਾਮਾਂ ਦੀ ਸਫ਼ਲਤਾ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜਨਵਰੀ 2026 ਵਿੱਚ ਨੌਂ ਜ਼ਿਲ੍ਹਿਆਂ ਦੇ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਸੀ।ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਕਰਵਾਏ ਗਏ ਪਾਇਲਟ ਅਧਿਆਪਕ ਸਿਖਲਾਈ ਪ੍ਰੋਗਰਾਮ ਵਿੱਚ 2,800 ਤੋਂ ਵੱਧ ਅਧਿਆਪਕਾਂ ਨੇ ਭਾਗ ਲਿਆ ਸੀ। ਸਰਕਾਰ ਅਨੁਸਾਰ 75 ਫ਼ੀਸਦੀ ਤੋਂ ਵੱਧ ਭਾਗੀਦਾਰਾਂ ਨੇ ਮੰਨਿਆ ਕਿ ਸਿਖਲਾਈ ਨੇ ਉਨ੍ਹਾਂ ਨੂੰ ਸਿਹਤਮੰਦ ਸਕੂਲੀ ਮਾਹੌਲ ਬਣਾਉਣ ਲਈ ਪ੍ਰੇਰਿਤ ਕੀਤਾ।ਹੁਣ ਇਸ ਸਿਖਲਾਈ ਮਾਡਿਊਲ ਦਾ ਪੜਾਅਵਾਰ ਵਿਸਥਾਰ ਫ਼ਾਜ਼ਿਲਕਾ, ਤਰਨ ਤਾਰਨ, ਫ਼ਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਮੋਹਾਲੀ, ਰੂਪਨਗਰ, ਕਪੂਰਥਲਾ, ਲੁਧਿਆਣਾ ਅਤੇ ਪਟਿਆਲਾ ਵਿੱਚ ਕੀਤਾ ਜਾ ਰਿਹਾ ਹੈ।ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨਾਲ ਸਭ ਤੋਂ ਵੱਧ ਸਮਾਂ ਬਿਤਾਉਂਦੇ ਹਨ ਅਤੇ ਉਹ ਉਨ੍ਹਾਂ ਦੇ ਵਿਹਾਰ, ਹਾਜ਼ਰੀ ਅਤੇ ਮਾਨਸਿਕ ਸਥਿਤੀ ਵਿੱਚ ਆਉਣ ਵਾਲੀਆਂ ਤਬਦੀਲੀਆਂ ਨੂੰ ਜਲਦੀ ਪਛਾਣ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਖਲਾਈ ਦੌਰਾਨ ਅਧਿਆਪਕਾਂ ਨੂੰ ਕਿਸ਼ੋਰਾਂ ਦੀ ਮਾਨਸਿਕ ਸਿਹਤ, ਭਾਵਨਾਤਮਕ ਭਲਾਈ ਅਤੇ ਨਸ਼ਿਆਂ ਨਾਲ ਜੁੜੇ ਖ਼ਤਰਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਅਧਿਆਪਕਾਂ ਨੂੰ ਤਣਾਅ, ਮਾਨਸਿਕ ਪਰੇਸ਼ਾਨੀ ਅਤੇ ਨਸ਼ਿਆਂ ਵੱਲ ਵਧਣ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨਾਲ ਸੰਵੇਦਨਸ਼ੀਲ ਢੰਗ ਨਾਲ ਪੇਸ਼ ਆਉਣ ਅਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਸਹੀ ਸਹਾਇਤਾ ਨਾਲ ਜੋੜਨ ਦੇ ਤਰੀਕੇ ਵੀ ਸਿਖਾਏ ਜਾਣਗੇ। ਇੱਕ ਰੋਜ਼ਾ ਜਾਗਰੂਕਤਾ-ਕਮ-ਸਮਰੱਥਾ ਨਿਰਮਾਣ ਸੈਸ਼ਨ ਅਗਸਤ 2026 ਤੋਂ ਪੜਾਅਵਾਰ ਢੰਗ ਨਾਲ 12 ਜ਼ਿਲ੍ਹਿਆਂ ਵਿੱਚ 500 ਤੋਂ ਵੱਧ ਬੈਚਾਂ ਵਿੱਚ ਕਰਵਾਏ ਜਾਣਗੇ। ਮਾਹਿਰ ਸਿਖਲਾਈਕਾਰ ਨਸ਼ਿਆਂ ਦੀ ਸਮੱਸਿਆ ਦੇ ਮਾਨਸਿਕ ਅਤੇ ਸਮਾਜਿਕ ਪੱਖਾਂ ਬਾਰੇ ਅਧਿਆਪਕਾਂ ਨੂੰ ਜਾਣਕਾਰੀ ਦੇਣਗੇ।ਪ੍ਰੋਗਰਾਮ ਤਹਿਤ ਹਰ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜ਼ਿੰਮੇਵਾਰੀ ਨਿਭਾਉਣ ਦੀ ਸਹੁੰ ਚੁੱਕੇਗਾ ਅਤੇ ਸਿਖਲਾਈ ਤੋਂ ਬਾਅਦ ਵਿਦਿਆਰਥੀਆਂ ਨਾਲ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਏਗਾ।ਇਸ ਪਹਿਲ ਨੂੰ ਐਸਸੀਈਆਰਟੀ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ ਸਿਖਲਾਈ ਸਮੱਗਰੀ ਤਿਆਰ ਕਰਨ ਅਤੇ ਪ੍ਰੋਗਰਾਮ ਦੀ ਗੁਣਵੱਤਾ ਯਕੀਨੀ ਬਣਾਉਣ ਵਿੱਚ ਸਹਿਯੋਗ ਦੇਵੇਗੀ। ਇਹ ਸੈਸ਼ਨ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਨੈਸ਼ਨਲ ਐਕਸ਼ਨ ਪਲਾਨ ਫਾਰ ਡਰੱਗ ਡਿਮਾਂਡ ਰਿਡਕਸ਼ਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਅਧਿਆਪਕਾਂ ਦੀ ਮਜ਼ਬੂਤ ਭੂਮਿਕਾ ਰਾਹੀਂ ਵਿਦਿਆਰਥੀਆਂ ਵਿੱਚ ਨਸ਼ਿਆਂ ਦੀ ਰੋਕਥਾਮ, ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਅਤੇ ਸਮੇਂ ਸਿਰ ਸਹਾਇਤਾ ਦੀ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH